ਬਠਿੰਡਾ, 03 ਨਵੰਬਰ 2018: ਬਿਜਲੀ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਮਾਮਲਿਆਂ ਦੇ ਮੰਤਰੀ, ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਦਿਆਲਪੁਰਾ ਭਾਈਕਾ ਵਿਖੇ ਇਕ ਸੰਗਤ ਦਰਸ਼ਨ ਦੌਰਾਨ ਦੂਰੇ ਨੇੜਿਓ ਚਲਕੇ ਆਏ ਲੋਕਾਂ ਦੀਆਂ ਸਮਸਿਆਵਾਂ ਨੂੰ ਮੌਕੇ ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲਕੇ ਨਿਪਟਾਰਾ ਕੀਤਾ। ਇਸ ਮੌਕੇ ਊਰਜਾ ਮੰਤਰੀ ਨੇ ਜਿੱਥੇ ਪਾਵਰਕਾਮ ਨਾਲ ਜੁੜੀਆਂ ਹੋਈਆਂ ਸਮਸਿਆਵਾਂ ਸੁਣੀਆਂ ਉਥੇ ਨਾਲ ਹੀ ਮੰਡੀਆ ਵਿਚ ਝੋਨੇ ਦੀ ਸਮਸਿਆ, ਪੁਲਿਸ ਮਹਿਕਮੇ ਸਬੰਧੀ, ਸਿੱਖਿਆ ਵਿਭਾਗ, ਅਤੇ ਹੋਰ ਵੱਖ-ਵੱਖ ਸਮਸਿਆਵਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਸੰਗਤ ਦਰਸ਼ਨ ਦੌਰਾਨ ਭਾਰੀ ਗਿਣਤੀ ਵਿਚ ਪਹੁੰਚੇ ਨੌਕਰੀਆਂ ਦੇ ਚਾਹਵਾਨ ਹਰ ਨੌਜਵਾਨ ਨੂੰ ਪਾਵਰਕਾਮ ਵਿਚ ਰੋਜ਼ਗਾਰ ਦੇਣ ਦਾ ਆਸਵਾਸਨ ਦਿੱਤਾ ਉੱਥੇ ਨਾਲ ਹੀ ਪਾਵਰਕਾਮ ਵਿੱਚ ਤਰਸ ਦੇ ਆਧਾਰ 'ਤੇ ਲੰਬਤ ਪਏ ਕੇਸਾਂ ਦਾ ਨਿਪਟਾਰਾ ਕਰਨ ਲਈ ਵਿਸ਼ਵਾਸ ਦਵਾਇਆ। ਤਰਸ ਦੇ ਆਧਾਰ ਤੇ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਊਰਜਾ ਮੰਤਰੀ ਨੇ ਵੱਖ-ਵੱਖ ਜ਼ਿਲਿਆਂ ਤੋਂ ਆਏ ਨੌਜਵਾਨਾਂ ਨੂੰ ਇਹ ਗਲ ਜ਼ੋਰ ਦੇ ਕੇ ਆਖੀ ਕਿ ਇਨਾਂ ਨੂੰ ਨੌਕਰੀ ਦਿਵਾਉਣਾ ਮੇਰੀ ਦਿਲੀ ਇੱਛਾ ਹੈ। ਉਨਾਂ ਨੇ ਨੌਜਵਾਨਾਂ ਨੂੰ ਉਚੇਚੇ ਤੌਰ ਤੇ ਇਹ ਗਲ ਕਹੀ ਕਿ ਊਨਾਂ ਨੂੰ ਵਾਰ-ਵਾਰ ਚੰਡੀਗੜ ਜਾਂ ਹੋਰ ਥਾਵਾਂ ਤੇ ਗੇੜੇ ਮਾਰਨ ਦੀ ਲੋੜ ਨਹੀਂ ਕਿਉਂਕਿ ਇਹ ਮਾਮਲਾ ਉਨਾ ਦੇ ਧਿਆਨ ਵਿਚ ਹੈ। ਊਰਜਾ ਮੰਤਰੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਰਸ ਦੇ ਆਧਾਰ ਤੇ ਨੌਕਰੀ ਪਾਉਣ ਵਾਲੇ ਨੌਜਵਾਨਾਂ ਦੀ ਫਾਈਲ ਏ.ਜੀ. ਪੰਜਾਬ ਕੋਲ ਹੈ, ਉਹ ਖੁਦ ਨਿੱਜੀ ਤੌਰ 'ਤੇ ਇਸ ਬਾਰੇ ਦਿਲਚਸਪੀ ਲੈ ਕੇ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਾਉਣਗੇ। ਵੱਖ-ਵੱਖ ਥਾਵਾਂ ਤੋ ਆਏ ਨੌਜਵਾਨਾਂ ਨੇ ਊਰਜਾ ਮੰਤਰੀ ਦਾ ਧੰਨਵਾਦ ਕਰਦਿਆ ਉਮੀਦ ਜਾਹਿਰ ਕੀਤੀ ਕਿ ਉਨਾਂ ਨੂੰ ਜਲਦ ਤੋਂ ਜਲਦ ਨੋਕਰੀਆਂ ਪ੍ਰਾਪਤ ਹੋ ਜਾਣਗੀਆ।
ਇਸ ਸੰਗਤ ਦਰਸ਼ਨ ਦੌਰਾਨ ਊਰਜਾ ਮੰਤਰੀ ਪੰਜਾਬ ਸ਼੍ਰੀ ਕਾਂਗੜ ਨੇ ਨਿੱਜੀ ਸਮਸਿਆਵਾਂ ਸੁਨਣ ਦੇ ਨਾਲ-ਨਾਲ ਆਪਣੇ ਮਹਿਕਮੇ ਦੀਆਂ ਸਮਸਿਆਵਾਂ ਜਿਵੇਂ ਬਿਜਲੀ ਦੀਆਂ ਤਾਰਾਂ, ਖੰਬੇ, ਟਰਾਂਸਫਾਰਮਰ, ਟਿਉਬਵੈਲ ਅਤੇ ਮੁਲਾਜਮਾਂ ਦੀਆਂ ਹੋਰ ਸਮਸਿਆਵਾਂ ਨੂੰ ਟੈਲੀਫੋਨ ਰਾਹੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਮੌਕੇ ਤੇ ਹੀ ਹਲ ਕੀਤਾ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਰਾਮਪੁਰਾ ਫੂਲ ਸ਼੍ਰੀ ਖੁਸ਼ਦੀਲ ਸਿੰਘ ਸੰਧੂ, ਡੀ.ਐਸ.ਪੀ. ਫੂਲ ਸ਼੍ਰੀ ਗੁਰਪ੍ਰੀਤ ਸਿੰਘ, ਬਿਜਲੀ ਵਿਭਾਗ ਦੇ ਐਕਸੀਅਨ ਫੂਲ ਸ਼੍ਰੀ ਐਲ. ਕੇ.ਬਾਂਸਲ, ਐਕਸੀਅਨ ਭਗਤਾ ਸ਼੍ਰੀ ਕਮਲਦੀਪ ਅਰੋੜਾ, ਐਸ.ਡੀ.ਓ . ਭਾਈ ਰੂਪਾ ਪ੍ਰਵੀਨ ਕੁਮਾਰ, ਬਲਾਕ ਵਿਕਾਸ ਪੰਚਾਇਤ ਅਫ਼ਸਰ ਆਦਿ ਹਾਜ਼ਰ ਸਨ।