ਫਿਰੋਜ਼ਪੁਰ 4 ਨਵੰਬਰ ( ਗੁਰਿੰਦਰ ਸਿੰਘ ) ਕਾਂਗਰਸ ਸਰਕਾਰ ਵੱਲੋਂ ਆਪਣੇ 19 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਭਰ ਦੇ ਮੁਲਾਜ਼ਮਾਂ ਦੀਆਂ ਹਿੱਤ ਮੰਗਾਂ ਵੱਲ ਧਿਆਨ ਨਾ ਦੇਣ ਤੇ ਉਲਟਾ ਮੁਲਾਜ਼ਮਾਂ ਪਾਸੋਂ 2400 ਰੁਪਏ ਵਾਧੂ ਟੈਕਸ ਦੇ ਰੂਪ ਵਿੱਚ ਵਸੂਲੇ ਜਾਣ ਤੋਂ ਸੰਘਰਸ਼ ਦੇ ਰਾਹ ਪਏ ਕੱਚੇ ਮੁਲਾਜ਼ਮਾਂ ਅੱਜ ਆਪਣਾ ਰੋਸ ਪ੍ਰਗਟ ਕਰਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਥਾਨਕ ਨਿਵਾਸ ਤੇ ਕੋਲਿਆਂ ਦੇ ਡੱਬੇ ਲੈ ਕੇ ਦੀਵਾਲੀ ਦੀ ਵਧਾਈ ਦੇਣ ਪਹੁੰਚੇ। ਮੁਲਾਜ਼ਮਾਂ ਵੱਲੋਂ ਬੈਨਰ ਮੰਤਰੀ ਦੇ ਘਰ ਦੇ ਗੇਟ ਤੇ ਟੰਗ ਕੇ ਕੋਲਿਆ ਦੇ ਡੱਬੇ ਗੇਟ ਤੇ ਰੱਖ ਦਿੱਤੇ। ਇਸ ਦੌਰਾਨ ਖੇਡ ਮੰਤਰੀ ਦੇ ਪੀਏ ਗੁਰਦੀਪ ਸਿੰਘ ਢਿੱਲੋਂ ਵੱਲੋਂ ਮੰਗ ਪੱਤਰ ਲਿਆ ਅਤੇ ਖੇਡ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ. ਰਜਿੰਦਰ ਸਿੰਘ ਸੰਧਾ, ਰਾਜ ਕੁਮਾਰ, ਕਲਨਾਇਕ ਵਰਮਾ, ਵਰਿੰਦਰ ਸਿੰਘ, ਸੁਖਦੇਵ ਸਿੰਘ, ਅਮੋਲਕ ਚੰਦ, ਸੀਮਾ ਰਾਣੀ, ਰਜਵੰਤ ਕੋਰ, ਸੰਤੋਸ਼ ਰਾਣੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਆਪਣੇ ਕੀਤੇ ਵਾਅਦਿਆ ਤੋਂ ਮੁਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ਵਿਚ ਲੈਣ ਦਾ ਬਿੱਲ ਪਾਸ ਕੀਤਾ ਸੀ ਪਰ ਸੱਤਾ ਵਿਚ ਆਉਣ ਤੇ ਕਾਂਗਰਸ ਵੱਲੋਂ ਇਸ ਐਕਟ ਨੂੰ ਦੱਬ ਲਿਆ ਹੈ ਅਤੇ ਹੁਣ ਜਿਵੇਂ ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਦਸੰਬਰ 2018 ਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲੈ ਕੇ ਆਵਾਂਗੇ।ਆਗੂਆਂ ਨੇ ਕਿਹਾ ਕਿ ਪਹਿਲਾਂ ਤੋਂ ਪਾਸ ਹੋਏ ਬਿੱਲ ਨੂੰ ਮੁੜ ਵਿਧਾਨ ਸਭਾ ਵਿਚ ਲਿਆਉਣਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਉਣ ਵੱਲ ਹੈ।ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੇ ਐਕਟ ਵਿਚ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੀ ਮੁਲਾਜ਼ਮ ਵਿਰੋਧੀ ਸੋਧ ਕੀਤੀ ਤਾਂ ਮੁਲਾਜ਼ਮ ਉਸ ਨੂੰ ਬਰਦਾਸ਼ਤ ਨਹੀ ਕਰਨਗੇ।ਆਗੂਆਂ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰ ਅਤੇ ਨਰੇਗਾ ਵਰਕਰ ਤੇ ਘੱਟੋ ਘੱਟ ਉਜ਼ਰਤ ਕਾਨੂੰਨ ਲਾਗੂ ਕਰਨ ਤੋਂ ਵੀ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਘੱਟੋ ਘੱਟ ਉਜ਼ਰਤ ਕਾਨੂੰ ਨੂੰ ਲਾਗੂ ਕਰਦੇ ਹੋਏ ਆਸ਼ਾ ਵਰਕਰ ਅਤੇ ਨਰੇਗਾ ਵਰਕਰ ਦੀ ਤਨਖਾਹ ਫਿਕਸ ਕਰੇ।
ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਮੰਤਰੀ ਅਤੇ ਐਮ.ਪੀ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹਨ ਜਦਕਿ ਵੋਟਾਂ ਵੇਲੇ ਇਹੀ ਲੀਡਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੇ ਸਨ। ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾਂ ਤਨਖਾਹਾਂ ਘਟਾਉਣ ਅਤੇ ਵਾਧੂ ਟੈਕਸ ਲਾਉਣ ਦੇ ਮਾਰੂ ਫੈਸਲੇ ਕੀਤੇ ਹਨ ਜਿਸ ਕਰਕੇ ਹੁਣ ਇਹ ਕਾਂਗਰਸੀ ਮਿਠਾਈ ਦੇ ਹੱਕਦਾਰ ਤਾਂ ਨਹੀ ਹਨ।ਆਗੂਆਂ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤੇ ਇਹੀ ਕਾਂਗਰਸੀ ਆਗੂ ਫਿਰ ਵੋਟਾ ਮੰਗਣ ਲਈ ਜਨਤਾ ਦੀ ਕਚਿਹਰੀ ਵਿਚ ਆਉਣਗੇ ਤੇ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਸਰਕਾਰ ਦਾ ਪਿੰਡ ਪਿੰਡ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਰਾਜੀਵ ਹਾਂਡਾ, ਅਮਿਤ ਕੰਬੋਜ, ਨੀਰਜ਼ ਯਾਦਵ, ਨਰੇਸ਼ ਕੰਬੋਜ, ਸੰਦੀਪ ਟੰਡਨ, ਬਲਵਿੰਦਰ ਭੁੱਟੋ ਆਦਿ ਮੈਂਬਰ ਹਾਜ਼ਰ ਸਨ।