ਕਰਤਾਰਪੁਰ ਲਾਂਘਾ ਖੋਲ੍ਹਣ ਲਈ ਯਤਨ ਕਰੇ ਕੇਂਦਰ ਸਰਕਾਰ : ਜੇ ਪੀ ਸਿੰਘ
ਮੋਹਾਲੀ, 12 ਨਵੰਬਰ 2018 - ਕਲਗੀਧਰ ਸੇਵਕ ਜਥੇ. ਦੇ ਪ੍ਰਧਾਨ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3ਬੀ2 ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘਾ ਖੋਲੇ ਜਾਣ ਲਈ ਤੁਰੰਤ ਹੀ ਜਰੂਰੀ ਯਤਨ ਕੀਤੇ ਜਾਣ।
ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਦਿਵਾਲੀ ਮੌਕੇ ਤਾਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਉਪਰ ਪਾਕਿਸਤਾਨ ਨਾਲ ਭਾਰਤੀਆਂ ਵਲੋਂ ਮਿਠਾਈਆਂ ਵੰਡਾਈਆਂ ਜਾਂਦੀਆਂ ਹਨ ਪਰ ਜਦੋਂ ਸਿੱਖ ਕਰਤਾਰਪੁਰ ਦਾ ਲਾਂਘਾ ਖੋਲਣ ਦੀ ਮੰਗ ਕਰਦੇ ਹਨ ਤਾਂ ਕੇਂਦਰ ਸਰਕਾਰ ਲਈ ਪਾਕਿਸਤਾਨ ਅੱਤਵਾਦੀ ਦੇਸ਼ ਬਣ ਜਾਂਦਾ ਹੈ। ਇਸ ਤਰਾਂ ਕੇਂਂਦਰ ਸਰਕਾਰ ਦੀਆਂ ਸਿੱਖਾਂ ਲਈ ਹੋਰ ਨੀਤੀਆਂ ਹਨ ਅਤੇ ਹੋਰਨਾਂ ਦੇਸ਼ ਵਾਸੀਆਂ ਲਈ ਹੋਰ। ਇਸ ਤਰਾਂ ਕਰਕੇ ਕੇਂਦਰ ਸਰਕਾਰ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਰੱਖ ਰਹੀ ਹੈ, ਜੋ ਕਿ ਗਲਤ ਹੈ।
ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਣਾ ਸਿੱਖਾਂ ਲਈ ਬਹੁਤ ਜਰੂਰੀ ਹੈ, ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਗੁਰੂ ਜੀ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਭਾਰਤੀ ਸਿੱਖ ਪਾਕਿਸਤਾਨ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਸ੍ਰ ਜੇ ਪੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਤਾਂ ਇਹ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਭਾਰਤ ਦੀ ਕੇਂਦਰ ਸਰਕਾਰ ਵਲੋਂ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਜਲਦੀ ਖੋਲ੍ਹਣ ਲਈ ਜਰੂਰੀ ਕਦਮ ਤੁਰੰਤ ਚੁੱਕੇ।