ਅਜੋਕੀ ਪੰਜਾਬੀ ਗਾਇਕੀ 'ਚ ਲੱਚਰਤਾ ਤੇ ਹਿੰਸਾ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਇਪਟਾ 17 ਨਵੰਬਰ ਨੂੰ ਕਰੇਗੀ ਵਿਚਾਰ
ਚੰਡੀਗੜ੍ਹ, 14 ਨਵੰਬਰ 2018 - ਅਜੋਕੀ ਪੰਜਾਬੀ ਗਾਇਕੀ ਵਿਚ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੀ ਹਮਾਇਤ ਕਾਰਣ ਅਮੀਰ ਅਤੇ ਨਿਰੋਏ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀ ਨੌਜਵਾਨੀ ਦੇ ਘਾਣ ਦਾ ਕਾਰਣ ਬਣਨ ਤੋਂ ਚਿੰਤਤ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਇਪਟਾ, ਪੰਜਾਬ ਨੇ ਇਸ ਗੰਭੀਰ ਅਤੇ ਭਖਦੇ ਮਸਲੇ ਉਪਰ ਖੁੱਲੀ ਚਰਚਾ ਵਿਚਾਰ-ਚਰਚਾ ਦਾ ਪ੍ਰਬੰਧ ਪੰਜਾਬ ਕਲਾ ਭਵਨ, ਰੋਜ਼ ਗਾਰਡਨ,ਸੈਕਟਰ 16, ਵਿਖੇ 17 ਨਵੰਬਰ, ਸ਼ਨੀਚਰਵਾਰ ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ ਵਿਖੇ ਕੀਤਾ ਹੈ।
ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਪ੍ਰੀਤਮ ਰੁਪਾਲ ਅਤੇ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਹੋ ਰਹੇ ਇਸ ਵਿਚਾਰ-ਚਰਚਾ ਮੌਕੇ ਮੁੱਖ ਮਹਿਮਾਨ ਸੁਰਜੀਤ ਪਾਤਰ, (ਚੈਅਰਮੈਨ, ਪੰਜਾਬ ਕਲਾ ਪ੍ਰਸ਼ੀਦ), ਪ੍ਰਧਾਨਗੀ ਹਰਦੇਵ ਸਿਘ ਦਲਗੀਰ, (ਦੇਵ ਥਰੀਕੇ ਵਾਲਾ), ਵਿਸ਼ੇਸ਼ ਮੁਹਮਾਨ ਅਮਰਜੀਤ ਗੁਰਦਾਪੁਰੀ, (ਸਰਪ੍ਰਸਤ ਇਪਟਾ, ਪੰਜਾਬ) ਦੀ ਸ਼ਮੂਲੀਅਤ ਵਾਲੀ ਵਿਚਾਰ-ਚਰਚਾ ਵਿਚ ਮੁੱਖ ਭਾਸ਼ਣ ਪ੍ਰੋ. ਰਜਿੰਦਰਪਾਲ ਸਿੰਘ ਬਰਾੜ, (ਪੰਜਾਬੀ ਯੂਨੀਵਿਰਸਟੀ, ਪਟਿਆਲਾ), ਵਿਸ਼ੇਸ਼ ਬੁਲਾਰੇ ਲਖਵਿੰਦਰ ਜੋਹਲ, (ਸੱਕਤਰ ਜਨਰਲ, ਪੰਜਾਬ ਕਲਾ ਪ੍ਰਸ਼ੀਦ) ਤੋਂ ਇਲਵਾ ਅਮਰਦੀਪ ਗਿੱਲ, ਸੁਖੀ ਬਰਾੜ, ਲਾਭ ਸਿੰਘ ਚਤਮਾਲੀ, ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਗੁਰਬਿੰਦਰ ਬਰਾੜ, ਵਿੱਕੀ ਮੇਹੇਸ਼ਰੀ, ਹਰਦਿਆਲ ਥੂਹੀ ਵੀ ਵਿਚਾਰ-ਚਰਚਾ ਵਿਚ ਭਾਗ ਲੈਣਗੇ।
ਉਨਾਂ ਅੱਗੇ ਕਿਹਾ ਕਿ ਉਸੇ ਦਿਨ ਸ਼ਾਮ ਨੂੰ 6.00 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ ਵਿਖੇ 85 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ ਇਪਟਾ ਦੀ ਚਾਰ ਪੀੜੀਆਂ ਦੇ ਗਾਇਕ ਅਮਰਜੀਤ ਗੁਰਦਾਸਪੁਰੀ, ਸਵਰਣ ਸੰਧੂ, ਗੁਰਚਰਨ ਬੋਪਾਰਾਏ, ਗੁਰਦਿਆਲ ਨਿਰਮਾਣ, ਡੋਲੀ ਗੁਲੇਰੀਆਂ, ਕੁਲਬੀਰ ਸੈਣੀ, ਭੁਪਿੰਦਰ ਬੱਬਲ, ਕਿਰਨਪਾਲ ਗਾਗਾ, ਅਰਜਨ ਬਾਵਾ, ਨਿੰਦਰਜੀਤ ਸਿੰਘ, ਚਾਹਤ ਅਤੇ ਅਨਮੋਲ ਰੂਪੋਵਾਲੀ ਆਪਣੀ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਰਾਹੀਂ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੀ ਹਮਾਇਤ ਕਰਦੀ ਅਜੌਕੀ ਗਾਇਕੀ ਦਾ ਬਦਲ ਪੇਸ਼ ਕਰਨਗੇ।ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਬੀਤੇ ਕਰੀਬ ਦੋ ਦਹਾਕਿਆਂ ਤੋਂ ਸਭਿਆਚਾਰਕ ਪ੍ਰਦੂਸ਼ਣ ਖਿਲਾਫ ਆਵਾਜ਼ ਬੁਲੰਦ ਕਰਦੀ ਆ ਰਹੀ ਹੈ।