ਲੁਧਿਆਣਾ 15 ਨਵੰਬਰ 2018 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿੱਚ ਸਹਿਕਾਰਤਾ ਸਪਤਾਹ ਦੇ ਸਬੰਧ ਚ ਇੱਕ ਰੋਜ਼ਾ ਪੰਜਾਬ ਦੌਰੇ ਤੇ ਆਏ ਮਹਾਰਾਸ਼ਟਰਾ ਦੇ ਸਹਿਕਾਰਤਾ ਮੰਤਰੀ ਸ਼੍ਰੀ ਸੁਭਾਸ਼ ਜੀ ਦੇਸ਼ਮੁਖ ਅਤੇ ਸ਼ਾਮਲੀ(ਮਹਾਰਾਸ਼ਟਰਾ) ਤੋਂ ਚੁਣੇ ਮੈਂਬਰ ਪਾਰਲੀਮੈਂਟ ਸ਼੍ਰੀ ਸੰਜਯ ਕਾਕਾ ਪਾਟਿਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਕੌਮੀ ਜੰਗੇ ਆਜ਼ਾਦੀ ਦੇ ਪ੍ਰਵਾਨਿਆਂ ਦੀ ਪੰਜਾਬ ਮਰਾਠਾ ਸਾਂਝ ਨੂੰ ਪਛਾਣਨ ਤੇ ਮੁੜ ਸਥਾਪਤ ਕਰਨ ਦੀ ਲੋੜ ਹੈ। ਪੰਜਾਬ ਤੇ ਮਹਾਰਾਸ਼ਟਰ ਦੀਆਂ ਸਾਂਝੀਆਂ ਤੰਦਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ 199 ਸਾਲ ਪਹਿਲਾਂ ਭਗਤ ਨਾਮ ਦੇਵ ਜੀ ਪੰਜਾਬ ਆਏ ਤੇ ਇਥੇ ਹੀ ਘੁਮਾਣ(ਗੁਰਦਾਸਪੁਰ) ਵਿਖੇ ਪ੍ਰਾਣ ਤਿਆਗੇ। ਨਾਮ ਦੇਵ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਚ ਅੰਕਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਅੰਤਲਾ ਸਮਾਂ ਨੰਦੇੜ ਸਾਹਿਬ ਚ ਬੀਤਿਆ। ਬੰਦਾ ਬਹਾਦਰ ਜੀ ਵੀ ਇਥੋਂ ਹੀ ਪੰਜਾਬ ਆਏ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ 16 ਨਵੰਬਰ 1915 ਨੂੰ ਲਾਹੌਰ ਜੇਲ੍ਹ ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਸ਼ਹੀਦ ਭਾਈ ਜਗਤ ਸਿੰਘ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਗਿੱਲਵਾਲੀ, ਸ਼ਹੀਦ ਭਾਈ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ)ਪਿੰਡ ਗਿੱਲ ਵਾਲੀ,ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ )ਪਿੰਡ ਗਿੱਲਵਾਲੀ ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ(ਮਹਾਰਾਸ਼ਟਰਾ) ਤੋਂ ਸਨ। ਇਵੇਂ ਹੀ ਸ਼ਹੀਦ ਭਗਤ ਸਿੰਘ ਨਾਲ ਫਾਂਸੀ ਚੜ੍ਹਨ ਵਾਲੇ ਇੱਕ ਸੂਰਮੇ ਸ਼ਿਵਰਾਮ ਰਾਜਗੁਰੂ ਪੂਨਾ (ਮਹਾਰਾਸ਼ਟਰਾ)ਨੇੜੇ ਦੇ ਸਨ।
ਬੜੇ ਅਫਸੋਸ ਦੀ ਗੱਲ ਹੈ ਕਿ ਆਮ ਲੋਕ ਇਸ ਮਹਾਨ ਸਾਂਝੀ ਵਿਰਾਸਤ ਤੋਂ ਜਾਣੂੰ ਨਹੀਂ ਹਨ। ਇਸ ਕੰਮ ਲਈ ਮਹਾਰਾਸ਼ਟਰਾ ਤੇ ਪੰਜਾਬ ਸਰਕਾਰ ਨੂੰ ਸਾਲਾਨਾ ਉੱਦਮ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੋਲਾਂ ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸੂਰਮਿਆਂ ਨੂੰ ਸਾਂਝੀ ਸ਼ਰਧਾਂਜਲੀ ਭੇਂਟ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ।
ਮਹਾਰਾਸ਼ਟਰਾ ਤੋਂ ਆਏ ਦੋਹਾਂ ਆਗੂਆਂ ਸੁਭਾਸ਼ ਜੀ ਦੇਸ਼ਮੁਖ ਸਹਿਕਾਰਤਾ ਮੰਤਰੀ ਤੇ ਸੰਜਯ ਕਾਕਾ ਪਾਟਿਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿਇਸ ਨੁਕਤੇ ਨੂੰ ਲਾਜ਼ਮੀ ਉਭਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੋਰ ਸਾਂਝੀਆਂ ਤੰਦਾਂ ਜੋੜ ਕੇ ਵੀ ਭਾਰਤੀ ਏਕਤਾ ਤੇ ਅਖੰਡਤਾ ਮਜਬੂਤ ਕੀਤੀ ਜਾ ਸਕਦੀ ਹੈ। ਇਸ ਲਈ ਯਕੀਨਨ ਯਤਨ ਕੀਤੇ ਜਾਣਗੇ।
ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਮਾਰਕਫੈੱਡ ਦੇ ਚੇਅਰਮੈਨ ਸ: ਅਮਰਜੀਤ ਸਿੰਘ ਸਮਰਾ,ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਹਰਪ੍ਰੀਤ ਸਿੰਘ ਸੰਧੂ,ਸਾਬਕਾ ਮੰਤਰੀ ਪੰਜਾਬ ਸ: ਮਲਕੀਤ ਸਿੰਘ ਦਾਖਾ,ਮੈਂਬਰ ਜ਼ਿਲ੍ਹਾ ਪਰਿਸ਼ਦ ਰਮਣੀਤ ਸਿੰਘ ਗਿੱਲ, ਤੇਜਿੰਦਰ ਸਿੰਘ ਗਿੱਲ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।