ਰਜਨੀਸ਼ ਸਰੀਨ
ਐੱਸ.ਏ.ਐੱਸ. ਨਗਰ 15 ਨਵੰਬਰ 2018 - ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਫੈਸਲੇ ਤੇ ਭਰੋਸਾ ਜਤਾਉਂਦਿਆਂ 517 ਅਧਿਆਪਕਾਂ ਨੇ ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਦੇਣ ਉਪਰੰਤ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ 'ਚ ਆਯੋਜਿਤ ਸਮਾਗਮ ਦੌਰਾਨ ਸਿੱਖਿਆ ਅਧਿਕਾਰੀਆਂ ਤੋਂ ਰੈਗੂਲਰ ਨਿਯੁਕਤੀ ਪੱਤਰ ਪ੍ਰਾਪਤ ਕੀਤੇ| ਇਸ ਮੌਕੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਵੀ ਸੁਸਾਇਟੀਆਂ ਤੋਂ ਸਿੱਖਿਆ ਵਿਭਾਗ ਵਿੱਚ ਆਪਸ਼ਨ ਦਿੱਤਾ ਸੀ ਉਹਨਾਂ ਨੂੰ ਆਨਲਾਈਨ ਹੀ ਹੁਕਮ ਭੇਜਕੇ ਹਾਜਰ ਕਰਵਾ ਦਿੱਤਾ ਗਿਆ ਸੀ| ਇਸ ਉਪਰੰਤ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ਵਿੱਚ ਲਗਾਤਾਰ ਦੋ ਦਿਨ ਹੋਰ 650 ਅਤੇ 550 ਅਧਿਆਪਕਾਂ ਨੂੰ ਸਿੱਖਿਆ ਬੋਰਡ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਸਨ|
ਜਿਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਮਿਲ ਚੁੱਕੇ ਹਨ 'ਤੇ ਉਹ ਵਿਭਾਗ ਦੇ ਅਧਿਆਪਕ ਹਨ ਅਤੇ ਵਿਭਾਗ ਉਹਨਾਂ ਨਾਲ ਹਮੇਸ਼ਾ ਖੜ੍ਹਾ ਹੈ| ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਿਸ ਸਕੂਲ ਵਿੱਚ ਅਧਿਆਪਕ ਦੀ ਡਿਮਾਂਡ ਹੈ ਉੱਥੇ ਪੋਸਟ ਸ਼ਿਫਟ ਕਰਕੇ ਅਧਿਆਪਕ ਨੂੰ ਹਾਜਰ ਕਰਵਾਏ ਜਾਣ ਦੀ ਪ੍ਰਕਿਰਿਆ ਕੀਤੀ ਜਾਵੇਗੀ| ਇਸ ਮੌਕੇ ਉਹਨਾਂ ਅਧਿਆਪਕਾਂ ਨੁੰ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਹਿਰਦ ਹੋ ਕੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੁਸਾਇਟੀ ਤੋਂ ਸਿੱਖਿਆ ਵਿਭਾਗ 'ਚ ਸ਼ਾਮਿਲ ਹੋਣ 'ਤੇ ਜੀ ਆਇਆ ਕਿਹਾ ਗਿਆ| ਸੈਂਕੜੇ ਅਧਿਆਪਕਾਂ ਨੇ ਆਪਣੇ ਮਾਪਿਆਂ, ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੇ ਇਹਨਾਂ ਪਲਾ ਨੂੰ ਆਪਣੇ ਜੀਵਨ ਦੇ ਅਨਮੋਲ ਪਲ ਮੰਨਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਸ਼ਨ ਕਲਿੱਕ ਕਰਨ ਤੋਂ ਬਾਅਦ ਰੈਗੂਲਰ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਬਹੁਤ ਹੀ ਸੁਖਦ ਪਲਾਂ ਦਾ ਅਹਿਸਾਸ ਹੋ ਰਿਹਾ ਹੈ| ਉਹ ਹੁਣ ਆਪਣੇ ਸਕੂਲਾਂ 'ਚ ਜਾ ਕੇ ਖੁਸ਼ੀ-ਖੁਸ਼ੀ ਵਿਦਿਆਰਥੀਆਂ ਨੂੰ ਪੜ੍ਹਾਉਣਗੇ|
ਜਿਕਰਯੋਗ ਹੈ ਕਿ ਯੂਨੀਅਨਾਂ ਦੇ ਦਬਾਅ ਕਾਰਨ ਪਹਿਲਾਂ ਅਧਿਆਪਕ ਸਾਹਮਣੇ ਨਹੀਂ ਆ ਰਹੇ ਸਨ ਪਰ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਖੁੱਲ੍ਹੇ ਸਮਾਗਮਾਂ ਨਾਲ ਅਧਿਆਪਕਾਂ ਨੇ ਆਪਣੇ ਫੈਸਲੇ ਨੂੰ ਖੁੱਲ੍ਹ ਕੇ ਪ੍ਰਗਟਾਉਣ ਦਾ ਵਿਚਾਰ ਬਣਾ ਲਿਆ ਹੈ