ਜੀਵਨ ਰਾਮਗੜ
ਬਰਨਾਲਾ, 4 ਦਸੰਬਰ 2018 - ਬਰਨਾਲਾ-ਮੋਗਾ ਰੋਡ ਨਜ਼ਦੀਕ ਪਿੰਡ ਉਗੋਕੇ ਵਿਖੇ ਸਥਿੱਤ ਇੱਕ ਫੋਮ ਬਣਾਉਣ ਵਾਲੀ ਫੈਕਟਰੀ ਜ਼ਬਦਸਤ ਧਮਾਕਿਆਂ ਮਗਰੋਂ ਭਿਆਨਕ ਅੱਗ ਦੀ ਲਪੇਟ 'ਚ ਆ ਗਈ। ਜਿਸ ਕਾਰਨ 3 ਮਜ਼ਦੂਰ ਅੱਗ 'ਚ ਹੀ ਜਿੰਦਾ ਸੜ ਗਏ ਅਤੇ ਕੁਝ ਜਖ਼ਮੀਂ ਹੋ ਗਏ। ਜਿਲ•ਾ ਪ੍ਰਸਾਸ਼ਨ ਨੇ ਬਰਨਾਲਾ ਤੇ ਆਸ ਪਾਸ ਦੇ ਜਿਲਿ•ਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ਼ ਜਾਰੀ ਸਨ। ਥਾਣਾਂ ਸਹਿਣਾਂ ਵਿਖੇ ਫੈਕਟਰੀ ਦੇ ਚਾਰ ਮਾਲਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਉਗੋਕੇ ਵਿਖੇ ਫੋਮ ਬਣਾਉਣ ਵਾਲੀ ਫੈਕਟਰੀ 'ਚ ਅੱਜ ਸਵੇਰੇ ਇੱਕ ਤੋਂਂ ਬਾਅਦ ਇੱਕ ਤਿੰਨ ਵੱਡੇ ਧਮਾਕੇ ਹੋਏ। ਚਸ਼ਮਦੀਦ ਪਿੰਡ ਦੇ ਸਰਪੰਚ ਡੋਗਰ ਸਿੰਘ ਤੇ ਹੋਰ ਰਾਹਤਕਰਮੀਆਂ ਨੇ ਦੱਸਿਆ ਕਿ ਸਿਲੰਡਰ ਫਟਣ ਕਾਰਨ ਦੇਖਦੇ ਹੀ ਦੇਖਦੇ ਫੈਕਟਰੀ ਦਾ ਇੱਕ ਹਿੱਸਾ ਵੱਡੀਆਂ ਅੱਗ ਦੀਆਂ ਲਪਟਾਂ 'ਚ ਤਬਦੀਲ ਹੋ ਗਿਆ ਅਤੇ ਧੂੰਆ ਆਸਮਾਨ ਛੂਹਣ ਲੱਗ ਪਿਆ। ਪਿੰਡ ਵਾਸੀ ਬਚਾਅ ਕਾਰਜ਼ਾਂ ਲਈ ਫੈਕਟਰੀ ਵੱਲ ਵਹੀਰਾਂ ਘੱਤ ਪੁੱਜ ਗਏ। ਪ੍ਰਸਾਸ਼ਨਿਕ ਅਧਿਕਾਰੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ 'ਤੇ ਪੁੱਜ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਘਟਨਾ ਸਥਾਨ 'ਤੇ ਪੁੱਜ ਕੇ ਲੋਕਾਂ ਦੀ ਮੱਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਭਿਆਨਕ ਅੱਗ ਦੇ ਵਿਕਰਾਲ ਰੂਪ ਅੱਗੇ ਪਾਣੀ ਦੀਆਂ ਬੁਛਾਰਾਂ ਦੀ ਕੋਈ ਪੇਸ਼ ਨਾ ਗਈ। ਆਥਣ ਤੱਕ ਫਾਇਰਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਂਂਦੀਆਂ ਰਹੀਆਂ। ਘਟਨਾ ਸਥਾਨ 'ਤੇ ਤੁਰੰਤ ਫੈਕਟਰੀ 'ਚ ਕੰਮ ਕਰਦੇ ਮਜ਼ਦੂਰਾਂ ਦੇ ਮਾਪੇ ਪੁੱਜ ਗਏ ਅਤੇ ਆਪੋ ਆਪਣੇ ਪੁੱਤਾਂ ਨੂੰ ਲੱਭਣ ਲੱਗ ਪਏ। ਚਹੁੰ ਪਾਸੀਂ ਅਫਰਾ ਤਫ਼ਰੀ ਦਾ ਮਹੌਲ ਪੈਦਾ ਹੋ ਗਿਆ। ਚਸ਼ਮਦੀਦਾਂ ਅਨੁਸਾਰ ਫੈਕਟਰੀ ਮਾਲਕ ਆਪਣਾਂ ਰਿਕਾਰਡ ਲੈ ਕੇ ਤੁਰੰਤ ਘਟਨਾ ਸਥਾਂਨ ਤੋਂ ਰਫੂ ਚੱਕਰ ਹੋ ਗਿਆ। ਤਿੰਨ ਨੌਜਵਾਨ ਮਜ਼ਦੂਰਾਂ ਦੇ ਮਾਪਿਆਂ ਨੂੰ ਜਦ ਆਪਣੇ ਪੁੱਤਰ ਨਾ ਮਿਲੇ ਤਾਂ ਸ਼ੱਕ ਹਕੀਕਤ 'ਚ ਬਦਲ ਗਿਆ। ਆਥਣ ਸਮੇਂ ਜੱਦੋ ਜਹਿਦ ਮਗਰੋਂ ਜਦ ਅੱਗ 'ਤੇ ਕਾਬੂ ਪਾਇਆ ਗਿਆ ਤਾਂ ਦੇਖਿਆ ਕਿ ਤਿੰਨ ਮਜ਼ਦੂਰ ਅੱਗ 'ਚ ਕੰਕਾਲ ਦਾ ਰੂਪ ਧਾਰ ਚੁੱਕੇ ਸਨ। ਅੱਗ ਦੀ ਲਪੇਟ 'ਚ ਆ ਕੇ ਮੌਤ ਦੇ ਮੂੰਹ 'ਚ ਗਏ ਮਜ਼ਦੂਰਾਂ ਦੀ ਪਛਾਣ ਸਿਕੰਦਰ ਸਿੰਘ ਤੇ ਸਾਧੂ ਸਿੰਘ ਵਾਸੀ ਚੀਮਾ ਅਤੇ ਜਗਜੀਤ ਸਿੰਘ ਵਾਸੀ ਗਿੱਲ ਕੋਠੇ ਜਿਲ•ਾ ਬਰਨਾਲਾ ਵਜੋਂ ਹੋਈ ਹੈ। ਪ੍ਰਸਾਸ਼ਨ ਨੇ ਆਪਣੀ ਹਾਜ਼ਰੀ 'ਚ ਤਿੰਨ ਲਾਸ਼ਾਂ ਨੂੰ ਅੱਗ 'ਚੋਂ ਕਢਵਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ਼ ਦਿੱਤਾ। ਅੱਗ ਦੀ ਲਪੇਟ 'ਚ ਇੱਕ ਮੋਟਰ ਸਾਇਕਲ ਤੇ ਇੱਕ ਕੈਂਟਰ ਵੀ ਲਪੇਟ 'ਚ ਆ ਗਏ।
ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ ਇੱਕ ਲੱਖ ਰੁਪਏ ਦਾ ਐਲਾਨ
ਐਸਡੀਐਮ ਸੰਦੀਪ ਕੁਮਾਰ ਆਈਏਐਸ ਨੇ ਦੱਸਿਆ ਘਟਨਾ ਸਬੰਧੀ ਪੂਰੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਂਪ ਦਿੱਤੀ ਹੈ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦਾ ਮੁਆਵਜ਼ਾ ਐਲਾਨ ਦਿੱਤਾ ਗਿਆ ਹੈ। ਉਨ•ਾਂ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਢਲੀ ਜਾਂਚ 'ਚ ਫਿਲਹਾਲ ਸਿਲੰਡਰ ਫਟਣ ਕਾਰਨ ਹੀ ਅੱਗ ਲੱਗਣ ਦੇ ਕਾਰਨ ਨੋਟ ਕੀਤੇ ਗਏ ਹਨ ਪ੍ਰੰਤੂ ਫਿਰ ਵੀ ਜਾਂਚ ਅਜੇ ਜਾਰੀ ਹੈ। ਮਾਲੀ ਨੁਕਸਾਨ ਦਾ ਅਨੁਮਾਨ 50 ਲੱਖ ਰੁਪਏ ਦੇ ਕਰੀਬ ਲਗਾਇਆ ਗਿਆ ਹੈ। ਫੈਕਟਰੀ ਨਿਯਮਾਂ 'ਤੇ ਕਿੰਨੀ ਖ਼ਰੀ ਉਤਰਦੀ ਹੈ ਜਾਂ ਕਿਸ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਹੈ ਇਸ ਸਬੰਧੀ ਅਜੇ ਪ੍ਰਸਾਸ਼ਨ ਪੂਰੀ ਘੋਖ਼ ਕਰ ਰਿਹਾ ਹੈ ਜੋ ਵੀ ਸਾਹਮਣੇ ਆਵੇਗਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਫੈਕਟਰੀ ਮਾਲਕਾਂ ਖਿਲਾਫ਼ ਹੋਇਆ ਮਾਮਲਾ ਦਰਜ਼
ਜਿਲ•ਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਸਪਰੰਕ ਕਰਨ 'ਤੇ ਦੱਸਿਆ ਕਿ ਥਾਣਾ ਸਹਿਣਾਂ ਵਿਖੇ ਫੈਕਟਰੀ ਦੇ ਮਾਲਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਾਂਚ ਅਧਿਕਾਰੀ ਥਾਣਾਂ ਸਹਿਣਾਂ ਦੇ ਮੁਖੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਫੈਕਟਰੀ ਮਾਲਕਾਂ ਵਿਜੈ ਬਾਂਸਲ, ਡਿੰਪਲ ਧਵਨ, ਜਤਿਨ ਸਿੰਗਲਾ ਅਤੇ ਵਰਿੰਦਰ ਕੁਮਾਰ ਖਿਲਾਫ਼ ਆਈਪੀਸੀ ਦੀ ਧਾਰਾ 304, 285 ਤਹਿਤ ਮੁਕੱਦਮਾਂ ਦਰਜ਼ ਕਰ ਲਿਆ ਹੈ।