ਨਵਾਂ ਸ਼ਹਿਰ, 05 ਦਸੰਬਰ 2018: ਕਿਸਾਨਾਂ ਦੇ ਪੂਰਨ ਸਹਿਯੋਗ ਸਦਕਾ ਜ਼ਿਲੇ੍ਹ ਵਿੱਚ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਕਮੀ ਆਈ ਹੈ ਜੋ ਕਿ ਕਿਸਾਨਾਂ ਦੇ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦਾ ਪ੍ਰਤੀਕ ਹੈ।
ਇਹ ਪ੍ਰਗਟਾਵਾ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਮਨਾਏ ਗਏ ਵਿਸ਼ਵ ਭੂਮੀ ਦਿਵਸ ਮੌਕੇ ਕਰਦਿਆਂ ਕੇ.ਵੀ.ਕੇ. ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਦੱਸਿਆ ਕਿ ਹਰ ਸਾਲ 5 ਦਸੰਬਰ ਵਿਸ਼ਵ ਭੂਮੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਫਸਲੀ ਰਹਿੰਦ-ਖੂਹੰਦ ਦਾ ਮਿੱਟੀ ਵਿੱਚ ਮਿਲਾਇਆ ਜਾਣਾ ਬੇਹੱਦ ਜ਼ਰੂਰੀ ਹੈ। ਨਾਲ ਹੀ ਕਿਸਾਨ ਵੀਰਾਂ ਨੂੰ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨ ਦੀ ਸਲਾਹ ਵੀ ਦਿੱਤੀ। ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਖਸ਼ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਤੋਂ ਆਏ (ਪ੍ਰੋਫੈਸਰ ) ਡਾ. ਨੀਨਾ ਸਿੰਗਲਾ ਨੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਸਬੰਧੀ ਤਕਨੀਕਾਂ ਸਾਂਝੀਆਂ ਕੀਤੀਆਂ ਅਤੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਲਈ ਚੋਗ ਤਿਆਰ ਕਰਨ ਦੀ ਤਕਨੀਕ ਦਾ ਪ੍ਰਦਰਸ਼ਨ ਵੀ ਕੀਤਾ ਜੋ ਕਿ ਕਿਸਾਨਾ ਵਲੋਂ ਕਾਫੀ ਸਰਾਹਿਆ ਗਿਆ।
ਭੌਂ ਰੱਖਿਆ ਦਫ਼ਤਰ ਨਵਾਂਸ਼ਹਿਰ ਤੋਂ ਡਾ. ਸੁਖਵੀਰ ਕੌਰ ਅਤੇ ਬਲਾਚੌਰ ਤੋਂ ਡਾ. ਸੁਨੀਲ ਕੁਮਾਰ ਨੇ ਕਿਸਾਨ ਵੀਰਾਂ ਨੂੰ ਖੇਤਾਂ ਵਿੱਚ ਬੇਲੋੜੀਆਂ ਖਾਦਾਂ ਆਦਿ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਗੁਰਬਾਣੀ ਵਿੱਚ ਦਰਸਾਏ ਸੰਦੇਸ਼ ਅਨੁਸਾਰ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇਣ। ਕਿਸਾਨ ਵੀਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਡਾ. ਸ਼ਿਖਾ ਬਠਲਾ ਸਹਾਇਕ ਪ੍ਰੋਫੈਸਰ ਨੇ ਮਨੁੱਖੀ ਸਿਹਤ ਬਾਰੇ, ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਨੇ ਮਧੂ-ਮੱਖੀ ਪਾਲਣ ਅਤੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ-ਮਕੌੜਿਆਂ ਦੀ ਰੋਕਥਾਮ ਬਾਰੇ, ਡਾ. ਤੇਜਬੀਰ ਸਿੰਘ ਸਹਾਇਕ ਪ੍ਰੋਫੈਸਰ ਨੇ ਸਰਦੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਅਤੇ ਡਾ. ਮਨਪ੍ਰੀਤ ਜੈਦਕਾ ਸਹਾਇਕ ਪ੍ਰੋਫੈਸਰ ਨੇ ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਭੂਮੀ ਦੀ ਸਿਹਤ ਸੁਧਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਮੁੱਖ ਮਹਿਮਾਨ ਡਾ ਗੁਰਬਖਸ਼ ਸਿੰਘ, ਮੱੁਖ ਖੇਤੀਬਾੜੀ ਅਫ਼ਸਰ ਨੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹੇ ਨੂੰ ਪੰਜਾਬ ਭਰ ਵਿਚੋਂ ਦੂਜੇ ਨੰਬਰ ’ਤੇ ਲੈ ਕੇ ਆਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਲਈ ਉਪਲਬਧ ਵੱਖ-ਵੱਖ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਮਨੋਜ ਸ਼ਰਮਾ ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਕਿਸਾਨ ਵੀਰਾਂ ਨੂੰ ਇੰਟਰਨੈਟ ਦਾ ਸਦਉਪਯੋਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਵੀਰਾਂ ਲਈ ਸੋਸ਼ਲ ਮੀਡੀਆ ਤਰੱਕੀ ਅਤੇ ਵਧੇਰੇ ਮੁਨਾਫੇ ਦੇ ਦਰਵਾਜੇ ਖੋਲ ਸਕਦਾ ਹੈ। ਡਾ. ਗੁਰਿੰਦਰ ਸਿੰਘ ਡਿਮਾਂਸਟ੍ਰੇਟਰ (ਪਸ਼ੂ ਵਿਗਿਆਨ) ਨੇ ਆਏ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਕਿਸਾਨ ਵੀਰਾਂ ਨੇ ਫਸਲੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਚਲਾਈ ਮੁਹਿੰਮ ਵਿੱਚ ਅੱਗੇ ਹੋ ਕੇ ਭਰਪੂਰ ਸਹਿਯੋਗ ਦਿੱਤਾ, ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।