ਵਿਧਾਇਕ ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ, 06 ਦਸੰਬਰ :-(ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਰੁੜਕੀ ਤੋਂ ਚਨਾਰਥਲ ਕਲਾਂ, ਚਨਾਰਥਲ ਕਲਾਂ ਤੋਂ ਟੋਹੜਾ ਅਤੇ ਟੋਹੜਾ ਤੋਂ ਤਰਖੇੜੀ ਤੱਕ ਦੀ 12.45 ਕਿਲੋਮੀਟਰ ਲੰਮੀ ਸੜਕ ਨੂੰ 8 ਕਰੋੜ 55 ਲੱਖ ਦੀ ਲਾਗਤ ਨਾਲ 18 ਫੁੱਟ ਚੌੜਾ ਤੇ ਮਜਬੂਤ ਕਰਨ ਲਈ ਇਨ੍ਹਾਂ ਸੜਕਾਂ ਦੀ ਸਪੈਸ਼ਲ ਰਿਪੇਅਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਸੜਕ ਭਾਦਸੋਂ, ਨਾਭਾ, ਅਮਲੋਹ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਨੂੰ ਜਾਂਦੀ ਹੈ ਜਿਸ ਦੀ ਕਿ ਪਿਛਲੇ ਲਗਭਗ 13 ਸਾਲਾਂ ਵਿੱਚ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਸੜਕ ਦੀ ਸਪੈਸ਼ਲ ਮਨਜੂਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਸ. ਨਾਗਰਾ ਨੇ ਕਿਹਾ ਕਿ ਇਹ ਸੜਕ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਤੇ ਸਬ ਤਹਿਸੀਲ ਚਨਾਰਥਲ ਅਤੇ ਸਿੱਖ ਕੌਮ ਦੇ ਮਹਾਨ ਆਗੂ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਟੌਹੜਾ ਵਿਖੇ ਜਾਂਦੀ ਹੈ ਪ੍ਰੰਤੂ ਏਨੀ ਮਹੱਤਤਾ ਵਾਲੀ ਸੜਕ ਦੇ ਵਿਕਾਸ ਨੂੰ ਪਿਛਲੇ 10 ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਅੱਖੀਂ ਪਰੋਖੇ ਕਰੀਂ ਰੱਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਹੁਣ ਵੀ ਸਰਕਾਰ ਸੂਬੇ ਦੇ ਸਰਬ ਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ 'ਤੇ ਸਰਕਾਰ ਵੱਲੋਂ ਇਹ ਸੜਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਇਸ ਸੜਕ ਦੇ ਮੁਕੰਮਲ ਹੋਣ ਨਾਲ ਪੂਰਾ ਹੋ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਇਸ ਦਾ ਲਾਭ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ-ਨਾਲ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਪਹੁੰਚੇਗਾ।
ਵਿਧਾਇਕ ਨਾਗਰਾ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਵਾਲੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਹਰੇਕ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਉਨ੍ਹਾਂ ਦੀ ਸਹੂਲਤ ਲਈ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਲਿੰਕ ਕਰਦੀਆਂ ਸਾਰੀਆਂ ਸੜਕਾਂ ਦੀ ਸਪੈਸ਼ਲ ਮੁਰਮੰਤ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜੋ ਕਿ ਛੇਤੀ ਹੀ ਪੂਰਾ ਹੋ ਜਾਵੇਗਾ।