ਬਰਨਾਲਾ, 10 ਦਸੰਬਰ 2018 :-ਪਿਛਲੇ ਲੰਮੇ ਸਮੇਂ ਤੋਂ ਧਾਰਮਿਕ/ਸਮਾਜਿਕ ਗਤੀਵਿਧੀਆਂ ਤੇ ਵਾਤਾਵਰਣ ਸਾਂਭ-ਸੰਭਾਲ/ਜਾਗਰੂਕਤਾ/ਹਰਾ-ਭਰਾ ਬਣਾਉਣ ਪ੍ਰਤੀ ਪਿੰਡ ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾ ਕਰ ਰਹੀਆਂ ਐਵਰਗਰੀਨ ਸੁਸਾਇਟੀ ਤੇ ਸੁਖਮਨੀ ਸਾਹਿਬ ਸੁਸਾਇਟੀ ਠੀਕਰੀਵਾਲਾ ਨੇ 10 ਦਸੰਬਰ ਤੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਅਤੇ ਸੂਗਰ ਦੇ ਮਰੀਜ਼ਾਂ ਲਈ ਵੀਟ ਗਰਾਸ ਜੂਸ ਦੀ ਨਿਸ਼ਕਾਮ ਸੇਵਾ ਅਰਦਾਸ ਕਰਕੇ ਸ਼ੁਰੂ ਕੀਤੀ ਗਈ,
ਜਿਸਦਾ ਉਦਘਾਟਨ ਡੇਰਾ ਬਾਬਾ ਮੋਨੀ ਜੀ ਠੀਕਰੀਵਾਲਾ ਵਿਖੇ ਕਰਦਿਆਂ ਐਵਰਗਰੀਨ ਸੁਸਾਇਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਗਿੱਲ ਅਤੇ ਸੁਖਮਨੀ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਲਗਾਤਾਰ ਜਾਰੀ ਰਹੇਗੀ।ਉਹਨਾਂ ਦੱਸਿਆ ਕਿ ਹਰ ਰੋਜ਼ ਸਵੇਰੇ 5 ਵਜੇ ਤੋਂ ਸਵੇਰੇ 7 ਵਜੇ ਤੱਕ ਦੋ ਘੰਟੇ ਇਹ ਜੂਸ ਮਰੀਜ਼ਾਂ ਨੂੰ ਇਸੇ ਅਸਥਾਨ 'ਡੇਰਾ ਬਾਬਾ ਮੋਨੀ ਜੀ' ਠੀਕਰੀਵਾਲਾ ਵਿਖੇ ਪਿਲਾਇਆ ਜਾਇਆ ਕਰੇਗਾ, ਜੋ ਕਿ ਕੈਂਸਰ ਤੇ ਸੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ,ਇਸ ਤੋਂ ਬਿਨਾਂ ਨਿਰੋਗ ਵਿਅਕਤੀ ਵੀ ਇਸ ਜੂਸ ਨੂੰ ਪੀ ਸਕਦਾ ਹੈ
ਕਿਉਂਕਿ ਇਹ ਜੂਸ ਜਿੱਥੇ ਕੈਂਸਰ ਤੇ ਸੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ਉੱਥੇ ਹਰ ਇੱਕ ਵਿਅਕਤੀ ਦੀ ਸਿਹਤ ਲਈ ਵੀ ਲਾਹੇਵੰਦ ਹੈ ਜੋ ਕਿ ਸਾਨੂੰ ਅਨੇਕਾਂ ਰੋਗਾਂ ਤੋਂ ਬਚਾਉਂਦਾ ਹੈ।ਉਹਨਾਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਪੈਸੇ ਦੀ ਦੌੜ ਵਿੱਚ ਲੱਗਿਆ ਮਨੁੱਖ ਜਿੱਥੇ ਆਪਣੀ ਸਿਹਤ ਨੂੰ ਸੰਭਾਲਣਾ ਭੁੱਲ ਗਿਆ ਹੈ ਉੱਥੇ ਆਪਣੇ ਮੁਨਾਫ਼ੇ ਲਈ ਦਿਨ ਪ੍ਰਤੀ ਦਿਨ ਵਾਤਾਵਰਨਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਉਹਨਾਂ ਕਿਹਾ ਕਿ ਸੁਖਦ ਤੇ ਸਿਹਤਮੰਦ ਜੀਵਨ ਲਈ ਅਜੋਕੇ ਸਮੇਂ ਵਿੱਚ ਸਿਹਤ ਤੇ ਵਾਤਾਵਰਨ ਦੋਵਾਂ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ।
ਅੰਤ ਵਿੱਚ ਉਹਨਾਂ ਇਸ ਵਾਸਤੇ ਮਰੀਜ਼ਾਂ ਨੂੰ ਸਵੇਰੇ ਸਮੇਂ ਸਿਰ ਖਾਲੀ ਪੇਟ ਆਉਣ ਲਈ ਕਿਹਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਵੰਤ ਭੁੱਲਰ,ਨਿਰਮਲ ਸਿੰਘ,ਮਾਸਟਰ ਸੁਰਜੀਤ ਸਿੰਘ ਦਿਹੜ, ਨਰਦੇਵ ਔਲਖ,ਕਮਲਜੀਤ ਸਿੰਘ,ਰਾਜਵਿੰਦਰ ਸਿੰਘ,ਲਖਵਿੰਦਰ ਸਿੰਘ,ਕਰਤਾਰ ਸਿੰਘ ਮਾਨ,ਸੀਰਾ ਢਿੱਲੋ,ਗੁਰਪਰੀਤ ਔਲਖ,ਸੁੱਖੀ ਭੌਰਾ,ਵਰਿੰਦਰਜੀਤ ਸਿੰਘ,ਪਰਮਿੰਦਰ ਸਿੰਘ, ਕਾਕਾ ਮਾਨ,ਮਨਪਰੀਤ ਨਹਿਲ,ਜਸਨ ਧਾਲੀਵਾਲ ਵਿੱਕੀ ਸਿੰਘ,ਗੁਰਪਰੀਤ ਮੌੜ,ਇੰਦਰਜੀਤ ਸਿੱਧੂ,ਭਾਨ ਸਿੰਘ ਅਕਾਲੀ ਆਦਿ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਰ ਸਨ।