ਲੁਧਿਆਣਾ 10 ਦਸੰਬਰ 2018 - ਵਿਕਾਸ ਪਾਲ ਵਿੱਗ ਜਦ ਕਦੇ ਮਿਲਦਾ ਖਿੜਿਆ ਖਿੜਿਆ ਮਹਿਕਦਾ ਗੁਲਾਬ ਜਿਹਾ।
ਮੇਰੇ ਪੁੱਤਰ ਪੁਨੀਤ ਦੇ ਵਿਆਹ ਵੇਲੇ ਨੌਂ ਕੁ ਸਾਲ ਪਹਿਲਾਂ ਪਹਿਲੀ ਵਾਰ ਮਿਲਿਆ ਸੀ। ਸਾਡੇ ਪਰਿਵਾਰਕ ਦੋਸਤ ਰਾਜਵੰਤ ਸਿੰਘ ਗਰੇਵਾਲ(ਰਿਵੇਰਾ ਰੀਜ਼ਾਰਟ ਤੇ ਆਰਕੇਡੀਅਨ ਵਾਲੇ)ਦੇ ਪੁੱਤਰਾਂ ਜਗਦੇਵ ਤੇ ਦਿਲਜੀਤ ਰਾਹੀਂ।
ਕਹਿਣ ਲੱਗਾ , ਅੰਕਲ ਨਿਸਚਿੰਤ ਹੋ ਜਾਉ! ਫੁੱਲਾਂ ਦੀ ਸਜਾਵਟ ਮੈਂ ਕਰਾਂਗਾ।
ਪਿਛਲੇ ਦਿਨੀਂ ਸਾਡੀ ਪੋਤਰੀ ਅਸੀਸ ਦੇ ਜਨਮ ਦੀ ਖੁਸ਼ੀ ਚ ਸਾਰਾ ਘਰ ਫੁੱਲਾਂ ਨਾਲ ਭਰ ਗਿਆ।
ਮੈਂ ਕਿਹਾ! ਵਿਕਾਸ ਸੱਜਰੇ ਫੁੱਲਾਂ ਚ ਵਾਇਰਸ ਹੁੰਦਾ ਹੈ, ਨਵ ਜਨਮੇ ਬਾਲ ਨੂੰ ਨੁਕਸਾਨ ਕਰ ਸਕਦੇ ਹਨ,ਦੂਜੇ ਦਿਨ ਉਹ ਮਸਨੂਈ ਫੁੱਲ ਸਜਾ ਗਿਆ।
ਘਰ ਦੇ ਬਾਹਰ ਜੀ ਆਇਆਂ ਨੂੰ ਆਪੇ ਪੌੜੀ ਲਾ ਕੇ ਟੰਗ ਗਿਆ।
ਸਵੇਰ ਤੋਂ ਹੀ ਉਦਾਸ ਹਾਂ ਵਿਕਾਸ ਦੇ ਸਦਾ ਲਈ ਤੁਰ ਜਾਣ ਤੇ।
ਭਲਾ ਕੋਈ ਏਦਾਂ ਵੀ ਕਰਦਾ ਹੈ?
ਰੱਜ ਕੇ ਸੋਹਣਾ, ਹਸੂੰ ਹਸੂੰ ਕਰਦੀ ਸੂਰਤ ਅੱਖਾਂ ਅੱਗੇ ਆਣ ਖੜ੍ਹੀ ਹੈ।
ਅਲਵਿਦਾ ਕਹਿਣ ਨੂੰ ਮਨ ਨਹੀਂ ਮੰਨਦਾ। ਜਵਾਨ ਉਮਰੇ ਸਦੀਵੀ ਵਿਛੋੜਾ ਦੇ ਗਿਆ ਵਿਕਾਸ।
ਹੁਣ ਅੰਤਿਮ ਸੰਸਕਾਰ 11 ਦਸੰਬਰ ਸਵੇਰੇ 11ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
ਸਰਾਭਾ ਨਗਰ ਲੁਧਿਆਣਾ ਵਿੱਚ ਫੁੱਲਾਂ ਦੇ ਕਾਰੋਬਾਰੀ ਸਾਡੇ ਪਿਆਰੇ ਬੱਚੇ ਵਿਕਾਸ ਪਾਲ ਵਿੱਗ ਦਾ ਬੀਤੀ ਰਾਤ ਸੰਖੇਪ ਬੀਮਾਰੀ ਮਗਰੋਂ ਸਥਾਨਕ ਦਯਾਨੰਦ ਹਸਪਤਾਲ ਚ ਦੇਹਾਂਤ ਹੋ ਗਿਆ ਹੈ।
ਵਿਕਾਸ 40 ਸਾਲਾਂ ਦਾ ਬੜਾ ਉਤਸ਼ਾਹੀ ਨੌਜਵਾਨ ਸੀ ਜਿਸ ਨੇ ਪੜ੍ਹਾਈ ਉਪਰੰਤ ਸਵੈ ਰੁਜ਼ਗਾਰ ਨੂੰ ਅਪਣਾਇਆ ਤੇ ਚੰਗੀ ਸ਼ੋਹਰਤ ਖੱਟੀ।
ਵੈਲਨਟੀਨਾ ਫਲਾਵਰ ਪੁਆਇੰਟ ਸਰਾਭਾ ਨਗਰ ਮਾਰਕੀਟ ਲੁਧਿਆਣਾ ਚ ਕਾਰੋਬਾਰ ਕਰਦੇ ਵਿਕਾਸ ਨੇ ਪੰਜਾਬ ਵਿੱਚ ਚੋਟੀ ਦੇ ਵਿਆਹ ਮੰਡਪਾਂ ਚ ਉਸ ਨੇ ਕਲਾਤਮਿਕ ਫੁੱਲ ਸਜਾਵਟਾਂ ਕੀਤੀਆਂ।
ਉਸ ਦਾ ਅੰਤਿਮ ਸੰਸਕਾਰ 11 ਦਸੰਬਰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
ਵਿਕਾਸ ਪਾਲ ਵਿੱਗ ਆਪਣੇ ਬਿਰਧ ਮਾਂ ਬਾਪ ਤੇ ਦੋ ਭੈਣ ਭਰਾਵਾਂ ਤੋਂ ਇਲਾਵਾ ਆਪਣੇ ਪਿੱਛੇ ਜੀਵਨ ਸਾਥਣ ਜ਼ੀਨੀ ਵਿੱਗ , ਬੇਟੀ ਖੁਸ਼ੀ ਵਿੱਗ ਅਤੇ ਮਾਸੂਮ ਬੇਟਾ ਚੈਤੰਨਯ ਪਿੱਛੇ ਛੱਡ ਗਿਆ ਹੈ।
ਵਿਕਾਸ ਦੇ ਬਾਲ ਸਖਾ ਮਿੱਤਰ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਕਾਸ ਸ਼ਹਿਰ ਦੀਆਂ ਕਈ ਸਿਰਕੱਢ ਸਵੈ ਸੇਵੀ ਨਿਸ਼ਕਾਮ ਜਥੇਬੰਦੀਆਂ ਦਾ ਉੱਘਾ ਕਾਰਕੁਨ ਸੀ।
ਮੇਰੀ ਸੰਵੇਦਨਾ ਇਸ ਦੁੱਖ ਨੂੰ ਦੱਸਣ ਦੇ ਕਾਬਲ ਨਹੀਂ ਹੈ।