ਆਸ਼ਾ ਵਰਕਰਾਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ ਪੱਤਰ ਦਿੰਦੀਆਂ ਹੋਈਆਂ, ਨਾਲ ਖੜ੍ਹੇ ਹਨ ਕਾਂਗਰਸ ਦੇ ਸੂਬਾ ਸਕੱਤਰ ਸਰਬਜੀਤ ਸਿੰਘ ਮੱਖਣ ਅਤੇ ਹੋਰ।
ਫ਼ਤਹਿਗੜ੍ਹ ਸਾਹਿਬ, 9 ਦਸੰਬਰ (ਦੀਦਾਰ ਗੁਰਨਾ ) ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਸਰਬਜੀਤ ਸਿੰਘ ਮੱਖਣ ਦੀ ਮਾਤਾ ਦੇ ਭੋਗ ਸਮਾਗਮ ਉਪਰੰਤ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ, ਜਿਨ੍ਹਾਂ ਨੇ ਵਫ਼ਦ ਦੀ ਗੱਲਬਾਤ ਸੁਣਨ ਤੋਂ ਬਾਅਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਬੀਬੀ ਪੰਜੋਲਾ ਨੇ ਮੰਗ ਕੀਤੀ ਕਿ ਪੰਜਾਬ ਵਿਚ ਵੀ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦਿੱਤੀ ਜਾਵੇ, ਜਿਹੜੀਆਂ ਮੰਗਾਂ ਵਿਭਾਗ ਮੰਨ ਚੁੱਕਾ ਹੈ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਭੱਤੇ ਵਿਚ ਵਾਧਾ ਕਰਨ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤਾ ਗਿਆ, ਉਹ ਵੀ ਜਲਦੀ ਜਾਰੀ ਕੀਤਾ ਜਾਵੇ। ਇਸ ਮੌਕੇ ਸ਼ਮਿੰਦਰ ਕੌਰ ਡਡਹੇੜੀ, ਵਾਜੰਤੀ ਮਾਲਾ, ਦਵਿੰਦਰ ਕੌਰ ਇਕਬਾਲ ਨਗਰ, ਜਸਵੀਰ ਕੌਰ ਹਰਬੰਸਪੁਰਾ, ਪਰਮਜੀਤ ਕੌਰ ਮਲਕੋਮਾਜਰਾ ਅਤੇ ਪ੍ਰਕਾਸ਼ ਕੌਰ ਕੋਟਲਾ ਆਦਿ ਹਾਜ਼ਰ ਸਨ।