ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 11 ਦਸੰਬਰ 2018 - ''ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਤਿੰਨ ਸੂਬਿਆਂ 'ਚ ਮਿਲੀ ਲੀਡ ਨਾਲ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਨੂੰ ਤਿੰਨ ਵੱਡੇ ਰਾਜ ਮਿਲੇ ਹਨ।''ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਬਿਆਨ ਦਿੰਦਿਆਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਸੋਚ ਅਤੇ ਲਿਆਕਤ ਦਾ ਨਤੀਜਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਦੇ ਪਹਿਲੇ ਸਾਲ ਅੰਦਰ ਕਾਂਗਰਸ ਦੀ ਝੋਲੀ ਵੱਡੀਆਂ ਜਿੱਤਾਂ ਪੈਣ ਲੱਗੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਿਯੁਕਤ ਹੋਏ ਸਨ ਤੇ ਅੱਜ ਦੇ ਹੀ ਦਿਨ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਤਿੰਨ ਵੱਡੀਆਂ ਚੋਣਾਂ 'ਚ ਕਾਂਗਰਸ ਦੀ ਮਜਬੂਤੀ ਨੂੰ ਦਰਸਾਇਆ ਹੈ। ਉਹਨਾਂ ਕਿਹਾ ਕਿ ਇਹ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਹੈ ਤੇ ਇਹ ਨਤੀਜੇ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਮਜਬੂਤੀ ਦੀ ਸ਼ੁਰੂਆਤ ਕਹੀ ਜਾ ਸਕਦੀ ਹੈ। ਜੋ ਸਿਰਫ ਤੇ ਸਿਰਫ ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਸੰਭਵ ਹੋ ਸਕਿਆ ਹੈ। ਟਿੱਕਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਇਕ ਸਾਲ ਪੂਰੇ ਹੋਣ ਦੇ ਨਾਲ ਨਾਲ ਤਿੰਨ ਸੂਬਿਆਂ 'ਚ ਭਾਜਪਾ ਨੂੰ ਜ਼ਬਰਦਸਤ ਟੱਕਰ ਦੇਣ ਦੀਆਂ ਮੁਬਾਰਕਾਂ ਵੀ ਦਿੱਤੀਆਂ।