ਪਟਿਆਲਾ, 15 ਦਸੰਬਰ 2018 : ਪਟਿਆਲਾ ਜ਼ਿਲ੍ਹੇ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਸਰਪੰਚਾਂ ਲਈ 9 ਅਤੇ ਪੰਚਾਂ ਲਈ 22 ਨਾਮਜਦਗੀਆਂ ਦਾਖਲ ਹੋਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕਲਸਟਰ ਕਸਬਾ ਰੁੜਕੀ ਤੋਂ ਸਰਪੰਚ ਲਈ 1, ਸਮਾਣਾ ਸਬ ਡਵੀਜਨ ਦੇ ਕਲਸਟਰ ਦਾਨੀਪੁਰ ਤੋਂ ਸਰਪੰਚ ਲਈ 1, ਕਸਲਟਰ ਚੌਂਹਠ ਤੋਂ ਪੰਚ 2, ਦਵਾਰਕਾਪੁਰ ਤੋਂ ਪੰਚ ਲਈ 1, ਕਲਸਟਰ ਬੁਜਰਕ ਤੋਂ ਸਰਪੰਚ ਲਈ 2 ਅਤੇ ਪੰਚ ਲਈ 5 ਨਾਮਜਦਗੀਆਂ ਹੋਈਆਂ ਹਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸੇ ਤਰ੍ਹਾਂ ਕਲਸਟਰ ਧਨੇਠਾ ਤੋਂ ਸਰਪੰਚ ਲਈ 2 ਅਤੇ ਪੰਚ ਲਈ ਵੀ 2 ਜਦੋਂਕਿ ਪਾਤੜਾਂ ਸਬ ਡਵੀਜਨ ਦੇ ਕਲਸਟਰ ਸਾਗਰਾ ਦੇ ਲਈ ਪੰਚ ਪਦ ਲਈ 1, ਕਲਸਟਰ ਬਕਰਾਹਾ ਤੋਂ ਸਰਪੰਚ ਪਦ ਲਈ 2 ਅਤੇ ਪੰਚ ਦੇ ਪਦ ਲਈ 9 ਜਦੋਂਕਿ ਕਲਸਟਰ ਅਤਾਲਾਂ ਤੋਂ ਸਰਪੰਚ ਲਈ 1 ਅਤੇ ਪੰਚ ਲਈ 2 ਨਾਮਜਦਗੀਆਂ ਹੋਈਆਂ ਹਨ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਹੋਰ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਇਤਰਾਜਹੀਣਤਾ ਸਰਟੀਫਿਕੇਟ ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਅਤੇ ਸਬੰਧਤ ਬਲਾਕਾਂ ਦੇ ਬੀ.ਡੀ.ਪੀ.ਓਜ ਜਾਰੀ ਕਰਨਗੇ। ਉਨ੍ਹਾਂ ਹੋਰ ਦੱਸਿਆ ਕਿ ਕੋਈ ਵੀ ਉਮੀਦਵਾਰ ਐਨ.ਓ.ਸੀ. ਦੀ ਬਜਾਇ ਹਲਫ਼ੀਆ ਬਿਆਨ ਨਾਲ ਵੀ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾ ਸਕਦਾ ਹੈ।