ਪਿੰਡ ਰਾਮਗੜ੍ਹ ਦਾ ਸਰਪੰਚ ਰਾਜਵਿੰਦਰ ਸਿੰਘ ਤੇ ਪੰਚਾਇਤ ਜਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ
ਭਦੌੜ,10 ਜਨਵਰੀ 2019 - ਪਿੰਡ ਰਾਮਗੜ੍ਹ ਵਿਖੇ ਨਵੀਂ ਬਣੀ ਪੰਚਾਇਤ ਵੱਲੋਂ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਆਈਪੀਐਸ ਨੇ ਸਿਰਕਤ ਕਰਦਿਆਂ ਕਿਹਾ ਕਿ ਸਮਾਜ ਦੀ ਜਾਗਰੂਕਤਾ ਹਿੱਤ ਧੀਆਂ ਵੱਡਾ ਰੋਲ ਅਦਾ ਕਰ ਸਕਦੀਆਂ ਹਨ ਜਿਸ ਲਈ ਧੀਆਂ ਨੂੰ ਅਬਲਾ ਨਹੀਂ ਸਬਲਾ ਬਣਾਉਣ ਦੀ ਲੋੜ ਹੈ, ਜਿਸ 'ਚ ਮਾਪਿਆਂ ਨੂੰ ਉਸਾਰੂ ਤੇ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ। ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਮਨੁੱਖੀ ਚੇਤਨਾ ਹੀ ਇਨਸਾਨ ਦੀ ਜਾਨ ਮਾਲ ਦੀ ਰਾਖੀ ਦਾ ਅਸਲ ਹਥਿਆਰ ਹੈ, ਜਿਸ ਕਾਰਨ ਹਰ ਇਨਸਾਨ ਚੇਤਨ ਹੋ ਕੇ ਨਸ਼ਾ ਮੁਕਤ, ਅਪਰਾਧ ਮੁਕਤ ਆਲ਼ੇ ਦੁਆਲੇ ਪ੍ਰਤੀ ਸੰਜ਼ੀਦਗੀ ਨਾਲ ਪੁਲਿਸ ਦਾ ਸਾਥ ਦੇਣਾਂ ਚਾਹੀਦਾ ਹੈ।
ਐਸਐਸਪੀ ਹਰਜੀਤ ਸਿੰਘ ਨੇ ਪਿੰਡ ਵਾਸੀਆਂ ਤੇ ਸਕੂਲੀ ਬੱਚਿਆਂ ਨਾਲ ਇੱਕਮਿਕਤਾ ਦਾ ਪ੍ਰਗਟਾਵਾ ਦਿੰਦਿਆਂ ਆਪਣਾ ਬਚਪਨ, ਸਕੂਲੀ ਜੀਵਨ ਤੇ ਪੁਲਿਸ ਸੇਵਾਵਾਂ ਸਬੰਧੀ ਜਿੰਦਗੀ ਦੇ ਅਹਿਮ ਪਲਾਂ ਨੂੰ ਸਾਂਝਾ ਵੀ ਕੀਤਾ ਅਤੇ ਪਿੰਡ ਵਾਸੀਆਂ ਤੇ ਸਕੂਲੀ ਬੱਚਿਆਂ ਦੇ ਪੁਲਿਸ ਸੇਵਾਵਾਂ ਨਾਲ ਸਬੰਧਿਤ ਸੁਆਲਾਂ ਦੇ ਜੁਆਬ ਵੀ ਦਿੱਤੇ ਅਤੇ ਜਾਗਰੂਕ ਵੀ ਕੀਤਾ। ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਤੇ ਸਮੂਹ ਪੰਚਾਇਤ ਵੱਲੋਂ ਸਮਾਗਮ 'ਚ ਮੁੱਖ ਮਹਿਮਾਨ ਐਸਐਸਪੀ ਹਰਜੀਤ ਸਿੰਘ ਦਾ ਨਿੱਘਾ ਸੁਆਗਤ ਕਰਦਿਆਂ ਜੀ ਆਇਆਂ ਕਿਹਾ। ਸਮਾਗਮ 'ਚ ਆਰਟਿਸਟ ਏਐਸਆਈ ਸੁਖਦੇਵ ਸਿੰਘ ਨੇ ਪਿੰਡ ਦੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਨਿੱਕੀਆਂ ਅਣਗਹਿਲੀਆਂ ਨਾਲ ਵੱਡੇ ਹਾਦਸੇ ਦੇ ਕਾਰਨਾਂ ਤੋਂ ਜਾਣੂੰ ਕਰਵਾਉਂਦਿਆਂ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾਂ ਕਰਨ ਦਾ ਹੋਕਾ ਦਿੱਤਾ। ਸਮਾਗਮ 'ਚ ਪੜਾਈ ਤੇ ਖੇਡਾਂ 'ਚ ਮੋਹਰੀ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੀਆਂ 8 ਧੀਆਂ ਨੂੰ ਮੁੱਖ ਮਹਿਮਾਨ ਐਸਐਸਪੀ ਹਰਜੀਤ ਸਿੰਘ ਵੱਲੋਂ ਸਨਮਾਨਿਆ ਗਿਆ। ਸਮਾਗਮ ਦੇ ਅੰਤ 'ਚ ਜਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੂੰ ਸਰਪੰਚ ਰਾਜਵਿੰਦਰ ਸਿੰਘ ਤੇ ਸਮੂਹ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ਼ ਸੰਚਾਲਨ ਪੱਤਰਕਾਰ ਜੀਵਨ ਰਾਮਗੜ੍ਹ ਨੇ ਕੀਤਾ।
ਇਸ ਮੌਕੇ ਪਰਵਿੰਦਰ ਸਿੰਘ ਡੀਐਸਪੀ ਮਹਿਲਕਲਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ। ਸਮਾਗਮ 'ਚ ਕਰਮਜੀਤ ਗਾਂਧੀ, ਸਤਪਾਲ ਸਿੰਘ, ਪਰਮਿੰਦਰ ਸਿੰਘ ਚਹਿਲ, ਨਾਜ਼ਮ ਸਿੰਘ, ਰਾਣਾ ਸਿੰਘ, ਰਾਜਾ ਸਿੰਘ, ਅਵਤਾਰ ਭੁੱਲਰ, ਸਵਰਨ ਸਿੰਘ, ਬਲਜੀਤ ਸਿੰਘ, ਗੋਬਿੰਦ ਸਿੰਘ, ਜਸਵਿੰਦਰ ਕੌਰ, ਸ਼ਮਸ਼ੇਰ ਸਿੰਘ, ਰਣਜੀਤ ਸਿੰਘ, ਜਗਰਾਜ ਗਰੇਵਾਲ, ਜਗਸੀਰ ਸੰਧੂ, ਕਾਮਰੇਡ ਸੁਰਜੀਤ ਸਿੰਘ, ਰੂਪ ਧਾਲੀਵਾਲ, ਜਸਵਿੰਦਰ ਭੱਲਾ, ਬੁੱਧ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਦੇ ਪਤਵੰਤੇ ਹਾਜ਼ਰ ਸਨ।