ਨਵਾਂ ਸ਼ਹਿਰ, 10 ਜਨਵਰੀ,2019: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਵੱਲੋਂ ਦਰਸਾਏ ਉੱਚ ਆਸ਼ੇ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ’ਤੇ ਅਮਲ ਕਰਨ ਦੀ ਕੜੀ ਵਜੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 466 ਪਿੰਡਾਂ ’ਚ 2.54 ਲੱਖ ਬੂਟੇ ਲਾਏ ਜਾਣ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਬੂਟੇ ਲਾਉਣ ਦੀ ਨਿਗਰਾਨੀ ਲਈ ਪਿੰਡ ਵਾਰ ਨੋਡਲ ਅਫ਼ਸਰ ਲਾਏ ਜਾਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਇਸ ਸਬੰਧੀ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਅਮਿ੍ਰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ’ਚ ਹਰੇਕ ਪਿੰਡ ’ਚ ਟੋਏ ਪੁੱਟਣ ਦਾ ਕੰਮ 15 ਜੂਨ ਤੱਕ ਮੁਕੰਮਲ ਕਰਨ ਲਈ ਮਨਰੇਗਾ ਗਰਾਮ ਰੋਜ਼ਗਾਰ ਸੇਵਕਾਂ ਅਤੇ ਜੰਗਲਾਤ ਵਿਭਾਗ ਦੇ ਬੇਲਦਾਰਾਂ/ਗਾਰਡਾਂ ਦੀ ਸਾਂਝੀ ਟੀਮ ਤਿਆਰ ਕੀਤੀ ਗਈ ਹੈ, ਜਿਸ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਲਾਏ ਜਾਣਗੇ। ਇਹ ਨੋਡਲ ਅਫ਼ਸਰ ਬਲਾਕ ਪੱਧਰ ’ਤੇ ਸਬੰਧਤ ਬ ਡੀ ਪੀ ਓ ਨੂੰ ਸਬੰਧਤ ਬੀ ਡੀ ਪੀ ਓ ਸਬ ਡਵੀਜ਼ਨ ਪੱਧਰ ’ਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਨੂੰ ਇਸ ਬਾਰੇ ਰਿਪੋਰਟ ਦੇਣਗੇ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਇੰਦਰ ਸਿੰਘ ਨੂੰ ਮਨਰੇਗਾ ਤਹਿਤ ਬੂਟਿਆਂ ਦੀ ਤਿੰਨ ਸਾਲ ਤੱਕ ਸਾਂਭ-ਸੰਭਾਲ ਕਰਨ ਲਈ ਬਣਾਈ ਗਈ ਯੋਜਨਾ ਤਹਿਤ ਬਜਟ ਦਾ ਪ੍ਰਬੰਧ ਕਰਕੇ ਰੱਖਣ ਲਈ ਵੀ ਆਖਿਆ ਤਾਂ ਜੋ ਬਾਅਦ ’ਚ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਾ ਆਵੇ।
550 ਸਾਲਾ ਗੁਰਪੁਰਬ ਨੂੰ ਸਮਰਪਿਤ ਇਹ ਬੂਟੇ ਲਾਉਣ ਦੀ ਮੁਹਿੰਮ 1 ਜੁਲਾਈ 2019 ਤੋਂ ਸ਼ੁਰੂ ਹੋ ਕੇ 30 ਸਤੰਬਰ 2019 ਤੱਕ ਜਾਰੀ ਰਹੇਗੀ ਜਿਸ ਦੌਰਾਨ ਫ਼ਲਦਾਰ ਕਿਸਮਾਂ, ਰਵਾਇਤੀ ਕਿਸਮਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵਰਣਿਤ ਬਨਸਪਤੀ ਅਨੁਸਾਰ ਬੂਟੇ ਲਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਵਣ ਵਿਭਾਗ ਦੇ ਮੀਟਿੰਗ ’ਚ ਸ਼ਾਮਿਲ ਅਧਿਕਾਰੀਆਂ ਨੂੰ ਇਨ੍ਹਾਂ 2.54 ਲੱਖ ਬੂਟਿਆਂ ਦੀ ਸਪਲਾਈ ਮੁਤਾਬਕ ਸਟਾਕ ਤਿਆਰ ਰੱਖਣ ਲਈ ਵੀ ਆਖਿਆ। ਉਨ੍ਹਾਂ ਵਿਭਾਗ ਨੂੰ ਬੂਟਿਆਂ ਦੀ ਲੁਆਈ ਆਪਣੀ ਤਕਨੀਕੀ ਜਾਣਕਾਰੀ ਹੇਠ ਯਕੀਨੀ ਬਣਾਉਣ ਤੋਂ ਇਲਾਵਾ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਲੋੜੀਂਦੀ ਖਾਦ/ਦਵਾਈ ਬਾਰੇ ਵੀ ਮਨਰੇਗਾ ਕਾਮਿਆਂ ਨੂੰ ਅਗਾਊਂ ਰੂਪ ’ਚ ਸੂਚਿਤ ਕਰਦੇ ਰਹਿਣ ਲਈ ਆਖਿਆ।
ਇਸ ਮੌਕੇ ਏ ਡੀ ਸੀ (ਜ) ਅਮਿ੍ਰਤ ਸਿੰਘ, ਏ ਡੀ ਸੀ (ਵਿਕਾਸ) ਪ੍ਰੀਤ ਇੰਦਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਬੀ ਡੀ ਪੀ ਓ ਬਲਾਚੌਰ ਧਰਮਪਾਲ, ਬੀ ਡੀ ਪੀ ਓ ਬੰਗਾ ਨੀਰਜ ਸਿਧਾਨ, ਬੀ ਡੀ ਪੀ ਓ ਸੜੋਆ ਹੇਮ ਰਾਜ, ਜ਼ਿਲ੍ਹਾ ਉਪ ਅਰਥ ਤੇ ਅੰਕੜਾ ਸਲਾਹਕਾਰ ਨਰੇਸ਼ ਕਪੂਰ, ਜ਼ਿਲ੍ਹਾ ਸੂਚਨਾ ਕੇਂਦਰ (ਐਨ ਆਈ ਸੀ) ਤੋਂ ਜ਼ਿਲ੍ਹਾ ਸੂਚਨਾ ਅਫ਼ਸਰ ਵਿਸ਼ਾਲ ਸ਼ਰਮਾ ਵੀ ਮੌਜੂਦ ਸਨ।