ਮੋਗਾ, 11 ਜਨਵਰੀ 2019 - ਵੀਰਵਾਰ ਨੂੰ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਪੰਜਾਬ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਸੂਚੀ ਦੀ ਸ਼ਲਾਘਾ ਕਰਦਿਆਂ ਡਾ. ਹਰਜੋਤ ਕਮਲ ਸਿੰਘ, ਐਮ.ਐਲ.ਏ. ਮੋਗਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਸਾਹਿਬਾਨਾਂ ਦੀ ਜੋ ਲਿਸਟ ਆਈ ਹੈ, ਉਹ ਆਉਂਦੀਆਂ ਲੋਕ ਸਭਾ ਚੋਣਾਂ 2019 ਨੂੰ ਮੱਦੇਨਜ਼ਰ ਰੱਖ ਕੇ ਬਹੁਤ ਬੈਲੇਂਸਡ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ "ਘਰ ਵਾਪਸੀ" ਕਹਿ ਕੇ ਆਇਆ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ, ਸੋ ਉਨ੍ਹਾਂ ਨੂੰ ਪ੍ਰਧਾਨ ਬਣਾ ਕੇ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਮੁੜ ਵਾਪਿਸ ਆਪਣੀ ਪਹਿਲੀ ਪਾਰਟੀ ਵਿੱਚ ਫਿਰ "ਘਰ ਵਾਪਸੀ" ਕਹਿ ਕੇ ਮੁੜ ਨਾ ਜਾਣ । ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਹਰ ਵਰਗ ਦਾ ਪੂਰਾ ਪੂਰਾ ਖਿਆਲ ਰੱਖਦਿਆ ਹੋਇਆ ਮੁਲਾਜ਼ਮ ਵਰਗ ਨੂੰ ਵੀ ਨੁੰਮਾਇਦਗੀ ਦਿੱਤੀ ਗਈ ਹੈ।