ਨਵਾਂਸ਼ਹਿਰ, 12 ਜਨਵਰੀ 2019: ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲਣ ਤੇ ਹੋਰ ਬੁਨਿਆਦੀ ਲੋੜਾਂ ਰਾਹੀਂ ਨਿਵੇਕਲੀ ਦਿੱਖ ਦੇਣ 'ਚ ਲੱਗੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਹਾਲੀਆ ਅਪੀਲ 'ਹਰ ਇੱਕ ਲਿਆਵੇ ਇੱਕ' ਨੂੰ ਹੇਠਲੇ ਪੱਧਰ 'ਤੇ ਹਕੀਕੀ ਰੂਪ ਦੇਣ ਲਈ ਅਧਿਆਪਕ ਆਪੋ-ਆਪਣੇ ਯਤਨਾਂ ਨਾਲ ਸਾਰਥਕ ਕਰਨ ਲੱਗੇ ਹਨ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਅਧਿਆਪਕਾਂ ਬਖਸ਼ੀਸ਼ ਸਿੰਘ ਸੈਂਬੀ (ਸਰਕਾਰੀ ਮਿਡਲ ਸਕੂਲ ਕਾਹਲੋਂ) ਤੇ ਜਸਬੀਰ ਸਿੰਘ ਦੌਲਤਪੁਰੀ (ਸਰਕਾਰੀ ਮਿਲਡ ਸਕੂਲ ਭਾਰਟਾ ਖੁਰਦ) ਵੱਲੋਂ ਇਸੇ ਕੜੀ 'ਚ ਤਿਆਰ ਕੀਤਾ ਗੀਤ 'ਸਭ ਆਖਣ ਬੱਲੇ ਬੱਲੇ ਨੇ ਸਰਕਾਰੀ ਸਕੂਲ ਸਰਕਾਰੀ, ਉਹ ਗੱਲਾਂ ਕਰਦੇ ਵੇਖੇ ਨੇ ਮੈਂ ਨਰ-ਨਾਰੀ' ਸੁਣਨ ਵਾਲਿਆਂ 'ਤੇ ਪ੍ਰਭਾਵਾਸ਼ਾਲੀ ਸਾਬਤ ਹੋ ਰਿਹਾ ਹੈ।
ਜ਼ਿਲ੍ਹਾ ਸਿਖਿਆ ਅਫ਼ਸਰ ਕੋਮਲ ਚੋਪੜਾ ਦਾ ਕਹਿਣਾ ਹੈ ਕਿ 18 ਦਸੰਬਰ ਤੋਂ ਸਿਖਿਆ ਸਕੱਤਰ ਪੰਜਾਬ ਸ੍ਰੀ ਕਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲੇ ਵਧਾਉਣ ਦੀ ਮੁਹਿੰਮ ਨੂੰ ਜ਼ਿਲ੍ਹੇ 'ਚ ਆਸ ਮੁਤਾਬਕ ਹੁੰਗਾਰਾ ਮਿਲ ਰਿਹਾ ਹੈ। ਆਂਗਨਵਾੜੀ ਸਟਾਫ਼, ਅਧਿਆਪਕਾਂ ਅਤੇ ਨਵੀਂਆਂ ਚੁਣੀਆਂ ਪੰਚਾਇਤਾਂ ਦੀ ਇਸ ਕੰਮ ਵਿੱਚ ਮੱਦਦ ਲਈ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਿੱਖ ਪ੍ਰਵਾਸੀ ਪੰਜਾਬੀਆਂ ਤੇ ਪਿੰਂਡ ਵਾਸੀਆਂ ਦੀ ਮੱਦਦ ਨਾਲ ਆਕਰਸ਼ਕ ਬਣਾਈ ਜਾ ਰਹੀ ਹੈ ਤਾਂ ਜੋ ਉੱਥੇ ਛੋਟੀਆਂ ਕਲਾਸਾਂ 'ਚ ਵਿਦਿਆਰਥੀਆਂ ਦਾ ਆਪਣੇ ਆਪ ਆਪ ਦਾਖਲ ਹੋਣ ਨੂੰ ਮਨ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲ ਦੀਆਂ ਕੰਧਾਂ 'ਤੇ ਪੜ੍ਹਾਈ ਤੇ ਆਮ ਗਿਆਨ ਨਾਲ ਸਬੰਧਤ ਗ੍ਰੈਫ਼ਿਟੀਆਂ, ਬੱਚਿਆਂ ਨੂੰ ਪੜ੍ਹਨ ਦੇ ਨਾਲ-ਨਾਲ ਖੇਡਾਂ ਦਾ ਮਾਹੌਲ ਦੇਣ ਲਈ ਝੂਲੇ ਤੇ ਹੋਰ ਖਿਡੌਣਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਡੀ ਈ ਓ ਤਰਨਜੀਤ ਸਿੰਘ ਜੋ ਕਿ ਪ੍ਰਵਾਸੀ ਪੰਜਾਬੀਆਂ ਤੇ ਦਾਨੀ ਸੱਜਣਾਂ ਦੇ ਯੋਗਦਾਨ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲਣ ਦੇ ਪ੍ਰਾਜੈਕਟ 'ਚ ਲੱਗੇ ਹੋਏ ਹਨ, ਦਾ ਕਹਿਣਾ ਹੈ ਕਿ ਸਕੂਲਾਂ 'ਚ ਉਪਲਬਧ ਮਾਹਿਰ ਸਟਾਫ਼ ਤੇ ਆਧੁਨਿਕ ਸੰਚਾਰ ਸਹੂਲਤਾਂ ਨਿਸ਼ਚੇ ਹੀ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵੱਲ ਪ੍ਰੇਰਨ 'ਚ ਸਹਾਈ ਹੋ ਰਹੀਆਂ ਹਨ।
ਜ਼ਿਲ੍ਹੇ ਦੀ ਸਿਖਿਆ ਸੁਧਾਰ ਟੀਮ ਦੇ ਮੁਖੀ ਸੁਰਿੰਦਰਪਾਲ ਅਗਨੀਹੋਤਰੀ (ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ) ਨੇ ਦੱਸਿਆ ਕਿ ਸਿਖਿਆ ਸਕੱਤਰ ਦੀਆਂ ਹਦਾਇਤਾਂ 'ਤੇ ਰੋਜ਼ਾਨਾ ਕੀਤੀ ਜਾਂਦੀ ਸਕੂਲਾਂ ਦੀ ਚੈਕਿੰਗ ਦੌਰਾਨ ਅਧਿਆਪਕਾਂ ਨੂੰ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵੱਖ-ਵੱਖ ਉਪਰਾਲੇ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਕੂਲਾਂ ਵਿੱਚ ਢਾਂਚਾਗਤ ਲੋੜਾਂ ਮੁਕੰਮਲ ਹਨ ਅਤੇ ਵਿਦਿਆਰਥੀਆਂ ਨੂੰ ਚੰਗਾ ਵਿਦਿਅਕ ਮਾਹੌਲ ਦੇਣ 'ਚ ਕੋਈ ਮੁਸ਼ਕਿਲ ਵੀ ਨਹੀਂ।