ਨਵਾਂਸ਼ਹਿਰ, 19 ਜਨਵਰੀ,2019
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਆਖਿਆ ਕਿ ਪਸ਼ੂਆਂ ਦੀ ਫ਼ੀਡ, ਖ਼ਲ ਤੇ ਧਾਤਾਂ ਦੇ ਚੂਰੇ ’ਚ ਮਿਲਾਵਟ ਕਰਕੇ ਪਸ਼ੂਆਂ ਤੇ ਮਾਨਵੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰੇਗੀ ਅਤੇ ਇਸ ਸਬੰਧੀ ਲੋੜੀਂਦਾ ਬਿੱਲ ਪੰਜਾਬ ਵਿਧਾਨ ਸਭਾ ’ਚ ਪਾਸ ਹੋ ਚੁੱਕਾ ਹੈ। ਬਿੱਲ ਦੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ’ਚੋਂ ਲੰਘਣ ਬਾਅਦ ਨੋਟੀਫ਼ਾਈ ਹੋਣ ’ਤੇ ਇਹ ਐਕਟ ਪੂਰਣ ਰੂਪ ’ਚ ਲਾਗੂ ਹੋ ਜਾਵੇਗਾ।
ਅਜ ਇੱਥੇ ਬੰਗਾ ਰੋਡ ’ਤੇ ਸਥਿਤ ਵੈਟਰਨਰੀ ਪੋਲੀ ਕਲੀਨਿਕ ਵਿਖੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਪਾਲਣ ’ਤੇ ਵਿਸ਼ੇਸ਼ ਕੈਂਪ ਦਾ ਉਦਘਾਟਨ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦਾ ਇੱਕੋ-ਇੱਕ ਟੀਚਾ ਕਿਸਾਨ ਨੂੰ ਆਰਥਿਕ ਮੰਦਹਾਲੀ ’ਚੋਂ ਕੱਢ ਕੇ ਖੁਸ਼ਹਾਲ ਬਣਾਉਣਾ ਹੈ ਜਿਸ ਲਈ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਦੇ ਸਹਾਇਕ ਧੰਦੇ ਨੂੰ ਸਫ਼ਲ ਪੂਰਵਕ ਚਲਾਉਣ ਲਈ ‘ਬ੍ਰੀਡ, ਫ਼ੀਡ ਤੇ ਮੈਨੇਜਮੈਂਟ’ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ’ਚ ਅਜਿਹੇ ਵਿਸ਼ੇਸ਼ ਕੈਂਪ ਲਾ ਕੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਦੁਧਾਰੂ ਪਸ਼ੂ, ਸੂਰ, ਬੱਕਰੀਆਂ, ਪੋਲਟਰੀ ਤੇ ਮੱਛੀ ਪਾਲਣ ਵੱਲ ਵੱਧ ਤੋਂ ਵੱਧ ਰੁਚੀ ਦਿਖਾਉਣ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ’ਚ 55 ਫ਼ੀਸਦੀ ਯੋਗਦਾਨ ਪਾ ਕੇ ਵੀ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਅਤੇ ਜੇਕਰ ਏਨੀ ਹੀ ਮੇਹਨਤ ਚੰਗੀ ਨਸਲ ਦੇ ਪਸ਼ੂ ਪਾਲ ਕੇ ਜਾਂ ਹੋਰ ਸਹਾਇਕ ਧੰਦੇ ਅਪਣਾ ਕੇ ਕੀਤੀ ਜਾਵੇ ਤਾਂ ਸਾਡੀ ਮੇਹਨਤ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਜ ਬਹੁਤ ਸਾਰੇ ਕਿਸਾਨ ਸਹਾਇਕ ਧੰਦਿਆਂ ’ਚ ਆਪਣਾ ਨਾਮ ਤੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਂਦਿਆਂ ਖੇਤੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣਾ ਚਾਹੀਦਾ ਹੈ।
ਸ੍ਰੀ ਸਿੱਧੂ ਨੇ ਆਖਿਆ ਕਿ ਪੰਜਾਬ ’ਚ ਲਾਵਾਰਸ ਪਸ਼ੂਆਂ ਦੀ ਮੁਸ਼ਕਿਲ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਅਮਰੀਕਨ ਕੰਪਨੀ ਤੋਂ ‘ਸੈਕਸਡ ਸੀਮਨ’ (ਕੇਵਲ ਕੱਟੀਆਂ ਤੇ ਵੱਛੀਆਂ ਦੀ ਪੈਦਾਇਸ਼ ਕਰਨ ਵਾਲਾ) ਮੰਗਾਉਣ ਦੇ 100 ਕਰੋੜ ਦੇ ਪ੍ਰਾਜੈਕਟ ’ਤੇ ਗਲੱਬਾਤ ਚੱਲ ਰਹੀ ਹੈ ਜੋ ਜਲਦ ਹੀ ਫ਼ਾਈਨਲ ਹੋ ਜਾਵੇਗੀ। ਇਸੇ ਤਰ੍ਹਾਂ ਬਣਾਵਟੀ ਗਰਭਦਾਨ ਵਾਸਤੇ ਲੈਬ ਅਪਗ੍ਰੇਡੇਸ਼ਨ ਵੀ ਅੰਤਮ ਦੌਰ ’ਚ ਹੈ ਅਤੇ ਇਹ ਲੈਬ ਦੇਸ਼ ਦੀਆਂ ਨਾਮੀਂ ਲੈਬਜ਼ ’ਚੋਂ ਇੱਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਰਾਜ ’ਚ ਪਸ਼ੂ ਪਾਲਣ ਦੇ ਧੰਦੇ ਦੀ ਰੀੜ ਦੀ ਹੱਡੀ ਪਸ਼ੂ ਡਿਸਪੈਂਸਰੀਆਂ ਤੇ ਹਸਪਤਾਲਾਂ ’ਚ ਸਟਾਫ਼ ਦੀ ਘਾਟ ਪੂਰੀ ਕਰਨ ਲਈ ਜਲਦੀ ਹੀ 140 ਵੈਟਰਨਰੀ ਅਫ਼ਸਰਾਂ ਤੇ 104 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਹਰੇਕ ਜ਼ਿਲ੍ਹੇ ’ਚ ਚੱਲ ਰਹੇ ਵੈਟਰਨਰੀ ਪੋਲੀ ਕਲੀਨਿਕਾਂ ’ਚ ਡਾਕਟਰਾਂ ਦੀ ਅਸਾਮੀਆਂ ਪੂਰੀਆਂ ਕਰਨ ਤੋਂ ਇਲਾਵਾ 6 ਤੋਂ 8 ਪਿੰਡਾਂ ਦੇ ਕਲੱਸਟਰ ਬਣਾ ਕੇ ਮੋਬਾਇਲ ਵੈਟਰਨਰੀ ਕਲੀਨਿਕ ਵੀ ਚਲਾਏ ਜਾਣਗੇ।
ਵਿਧਾਇਕ ਅੰਗਦ ਸਿੰਘ ਨੇ ਪਸ਼ੂ ਪਾਲਣ ਮੰਤਰੀ ਵੱਲੋਂ ਅੱਜ ਨਵਾਂਸ਼ਹਿਰ ਹਲਕੇ ’ਚ ਵੱਖ-ਵੱਖ ਕੈਂਪਾਂ ’ਚ ਸ਼ਮੂਲੀਅਤ ਕਰਨ ਦਾ ਸਵਾਗਤ ਕਰਦਿਆਂ ਜ਼ਿਲ੍ਹੇ ’ਚ ਪਸ਼ੂ ਪਾਲਣ ਵਿਭਾਗ ’ਚ ਮਾਨਵੀ ਸ਼ਕਤੀ ਦੀ ਘਾਟ ਵੀ ਪੂਰੀ ਕਰਨ ਦੀ ਬੇਨਤੀ ਕੀਤੀ।
ਜ਼ਿਲ੍ਹਾ ਪ੍ਰਧਾਨ ਪ੍ਰਮ ਚੰਦ ਭੀਮਾ ਨੇ ਪਸ਼ੂ ਖੁਰਾਕ ਅਤੇ ਦੁੱਧ ’ਚ ਯੂਰੀਆ ਦੀ ਮਿਲਾਵਟ ’ਤੇ ਧਿਆਨ ਦਿਵਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਜਿਸ ’ਤੇ ਪਸ਼ੂ ਪਾਲਣ ਮੰਤਰੀ ਨੇ ਉਕਤ ਕਾਨੂੰਨ ਦੇ ਨੋਟੀਫ਼ਾਈ ਹੋਣ ਬਾਅਦ ਕਾਰਵਾਈ ਹੋਣ ਦਾ ਭਰੋਸਾ ਦਿਵਾਇਆ।
ਹੋਰਨਾਂ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਸਰਾਓ, ਮੱਛੀ ਪਾਲਣ ਦੇ ਡਾਇਰੈਕਟਰ ਡਾ. ਮਦਨ ਮੋਹਨ, ਗਡਵਾਸੂ ਦੇ ਸਾਬਕਾ ਡਾਇਰੈਕਟਰ ਪਸਾਰ ਸਿਖਿਆ ਡਾ. ਰਣਜੋਧਨ ਸਿੰਘ ਸਹੋਤਾ, ਡੇਅਰੀ ਵਿਭਾਗ ਦੇ ਜਾਇੰਟ ਡਾਇਰੈਕਟਰ ਜਸਵੀਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਐਸ ਬੀ ਐਸ ਨਗਰ ਡਾ. ਮਹਿੰਦਰ ਪਾਲ, ਵੈਟਰਨਰੀ ਅਫ਼ਸਰ ਡਾ. ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਹਾਇਕ ਧੰਦਿਆਂ ’ਚ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਡੇਅਰੀ ਫ਼ਾਰਮਰਾਂ ਬਲਬੀਰ ਸਿੰਘ ਪੀ ਡੀ ਐਫ ਏ, ਪਿ੍ਰਤਪਾਲ ਸਿੰਘ, ਪ੍ਰਵੀਨ ਕੁਮਾਰ ਨਵਾਂਸ਼ਹਿਰ, ਰਾਮ ਰਤਨ ਦੁਭਾਲੀ, ਰਾਧੇ ਸ਼ਾਮ ਘੁੜਕਾ, ਚੂਹੜ ਲਾਲ ਕਲਾਰ, ਵਰਿੰਦਰ ਪਾਲ ਕੌਰ ਸਿੱਧੂ (ਸੂਰ ਤੇ ਡੇਅਰੀ) , ਜਸਪ੍ਰੀਤ ਸਿੰਘ ਬਖਲੌਰ (ਬੱਕਰੀ ਪਾਲਕ) ਨੂੰ ਪਸ਼ੂ ਪਾਲਣ ਮੰਤਰੀ ਵੱਲੋਂ ਸਨਮਾਨਿਆ ਵੀ ਗਿਆ।