ਨਵਾਂ ਸ਼ਹਿਰ, 10 ਫ਼ਰਵਰੀ 2019: ਨਰਸਿੰਗ ਦਾ ਡਿਪਲੋਮਾ ਕਰਨ ਬਾਅਦ ਸੁਨਿਹਰੇ ਭਵਿੱਖ ਦੀ ਆਸ ’ਚ ਆਸਟਰੇਲੀਆ ਗਏ ਨੌਜੁਆਨ ਡਾਲੀ (ਬਦਲਿਆ ਨਾਮ) ਲਈ ਹੁਸੀਨ ਸੁਫ਼ਨਿਆਂ ਦੀ ਧਰਤੀ ਨਸ਼ਿਆਂ ’ਚ ਡੁੱਬਣ ਦਾ ਕਾਰਨ ਬਣ ਗਈ। ਸਾਢੇ ਪੰਜ ਸਾਲ ਬਾਅਦ ਦੇਸ਼ ਪਰਤ ਕੇ ਉਹ ਨਾ ਘਰ ਦਾ ਰਿਹਾ ਤੇ ਨਾ ਘਾਟ ਦਾ। ਦੋ ਵੱਡੀਆਂ ਭੈਣਾਂ ਦਾ ਲਾਡਲਾ ਤੇ ਇੱਕ ਛੋਟੇ ਭਰਾ ਦਾ ਵੱਡਾ ਵੀਰ ਦੇਸ਼ ਪਰਤ ਕੇ ਵੀ ਪਿਛਲੇ ਪੰਜ ਸਾਲ ਤੋਂ ਨਸ਼ਿਆਂ ਦੀ ਦੁਨੀਆਂ ਨੂੰ ਹੀ ਆਪਣਾ ਘਰ ਬਣਾਈ ਬੈਠਾ ਸੀ।
ਉਸ ਦੀ ਚਿੰਤਤ ਭੈਣ ਵੱਲੋਂ ਇੱਕ ਸਕੂਲ ਅਧਿਆਪਕਾ ਕੋਲ ਆਪਣਾ ਦਰਦ ਸਾਂਝਾ ਕਰਨ ’ਤੇ ਬੱਡੀ ਗਰੁੱਪ ਦੀ ਇੰਚਾਰਜ ਉਸ ਅਧਿਆਪਕਾ ਦੇ ਅੰਦਰ ਦੀ ਮਮਤਾ ਰੋ ਉੱਠੀ ’ਤੇ ਉਸ ਨੇ ਸਮਾਜ ਤੇ ਪਰਿਵਾਰ ਨਾਲੋਂ ਜੁੜੇ ਡਾਲੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਓਟ ਸੈਂਟ ਤੱਕ ਲੈ ਆਂਦਾ। ਅੱਜ ਪੰਜ ਮਹੀਨਿਆਂ ਦੇ ਇਲਾਜ ਬਾਅਦ 33 ਵੇਂ ਵਰ੍ਹੇ ਨੂੰ ਢੁੱਕ ਚੁੱਕਿਆ ਇਹ ਨੌਜੁਆਨ ਹੁਣ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰ ਲੱਗਾ ਹੈ। ਜਦੋਂ ਓਟ ਕੇਂਦਰ ਦੇ ’ਚ ਰੋਜ਼ਾਨਾ ਵਾਂਗ ਦਵਾਈ ਲੈਣ ਆਏ ਇਸ ਨੌਜੁਆਨ ਨੂੰ ਇਸ ਬਦਲਾਅ ਬਾਰੇ ਪੁੱਛਿਆ ਤਾਂ ਉਸ ਦਾ ਬੜਾ ਸਰਲ ਜਿਹਾ ਜੁਆਬ ਸੀ, ‘ਬੱਸ ਜੀ ਹੁਣ ਉਹ ਸਮਾਂ ਨਾ ਯਾਦ ਕਰਵਾਓ।’
ਓਟ ਸੈਂਟਰ ਨਵਾਂਸ਼ਹਿਰ ਦੇ ਇੰਚਾਰਜ ਡਾ. ਪਿ੍ਰੰਸ ਜਨਾਗਲ ਦੱਸਦੇ ਹਨ ਕਿ ਇਕੱਲਾ ਡਾਲੀ ਹੀ ਨਹੀਂ ਨਵਾਂਸ਼ਹਿਰ ਓਟ ਸੈਂਟਰ ਨਾਲ ਜੁੜੇ ਅਨੇਕਾਂ ਅਜਿਹੇ ਨੌਜੁਆਨ ਹਨ ਜੋ ਡਾਲੀ ਵਾਂਗ ਕਿਸਮ ਦੇ ਧਨੀ ਨਿਕਲੇ ਹਨ ਅਤੇ ਅੱਜ ਨਸ਼ਿਆਂ ਤੋਂ ਮੂੰਹ ਮੋੜ ਕੇ ਸਮਾਜ ਤੇ ਪਰਿਵਾਰ ਨਾਲ ਫ਼ੇਰ ਤੋਂ ਸਾਂਝ ਬਣਾਉਣ ’ਚ ਕਾਮਯਾਬ ਹੋ ਗਏ ਹਨ।
ਡਾ. ਜਨਾਗਲ ਜੋ ਖੁਦ ਵੀ ਨੌਜੁਆਨ ਹਨ, ਦੱਸਦੇ ਹਨ ਕਿ ਨਵਾਂਸ਼ਹਿਰ ਦੇ ਓਟ ਸੈਂਟਰ ਨਾਲ 425 ਨੌਜੁਆਨ ਨਸ਼ੇ ਦੀ ਲੱਤ ਛੱਡਣ ਲਈ ਜੁੜੇ ਹਨ ਅਤੇ ਇਨ੍ਹਾਂ ’ਚੋਂ ਬਹੁਤ ਸਾਰੇ ਅਜਿਹੇ ਹਨ, ਜੋ ਓਟ ਸੈਂਟਰ ਆਉਣ ਨੂੰ ਆਪਣਾ ਨਿੱਤਨੇਮ ਬਣਾਈ ਬੈਠੇ ਹਨ ਅਤੇ ਖੁਦ ਆ ਕੇ ਦਵਾਈ ਮੰਗਦੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਲਈ ਸਭ ਤੋਂ ਵੱਡੀ ਲੋੜ ਹਮਦਰਦੀ ਦੀ ਹੁੰਦੀ ਹੈ। ਜਦੋਂ ਕਿਸੇ ਪਰਿਵਾਰ ਦਾ ਕੋਈ ਨੌਜੁਆਨ ਇਕੱਲਤਾ ਤੇ ਹਨ੍ਹੇਰੇ ਨੂੰ ਪਸੰਦ ਕਰਨ ਲੱਗ ਪਵੇ ਤਾਂ ਪਰਿਵਾਰ ਨੂੰ ਉਸ ਵੱਲ ਤੁਰੰਤ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਹ ਦੱਸਦੇ ਹਨ ਕਿ ਕਦੇ ਕਦੇ ਕੌਂਸਲਰ ਰੇਣੂਕਾ ਕਲੇਰ, ਡਿਸਪੈਂਸਰ ਸੰਦੀਪ ਤੇ ਉਨ੍ਹਾਂ ਨੂੰ ਖੁਦ ਇਨ੍ਹਾਂ ਨਸ਼ਾ ਪੀੜਤਾਂ ਨਾਲ ਸਿੱਝਦਿਆਂ ਕੌੜੇ ਤਜਰਬੇ ਵੀ ਹੁੰਦੇ ਹਨ। ਇਨ੍ਹਾਂ ਨਸ਼ਾ ਪੀੜਤਾਂ ਦੇ ਖਿੱਝ ਭਰੇ ਬੋਲ ਵੀ ਸੁਣਨੇ ਪੈਂਦੇ ਹਨ ਪਰ ਉਹ ਉਨ੍ਹਾਂ ਨਾਲ ਉਨ੍ਹਾਂ ਦੀ ਭਾਸ਼ਾ ’ਚ ਗੱਲ ਕਰਨ ਦੀ ਬਜਾਏ ਸ਼ਾਂਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੁੱਝ ਦਿਨ ਦਵਾਈ ਖਾਣ ਲਈ ਪ੍ਰੇਰਦੇ ਹਨ। ਕੁੱਝ ਦਿਨ ਤੋਂ ਬਾਅਦ ਇਹ ਨੌਜੁਆਨ ਲਗਾਤਾਰ ਆਉਣ ਲੱਗਦੇ ਹਨ ਤੇ ਆਪਣੇ ਇਲਾਜ ਪ੍ਰਤੀ ਖੁਦ ਵੀ ਸੁਹਿਰਦ ਹੋ ਜਾਂਦੇ ਹਨ।
ਸ਼ਹਿਰ ਦੀ ਇੱਕ ਦੁਕਾਨ ’ਤੇ ‘ਸ਼ਾਪ ਬੁਆਏ’ ਵਜੋਂ ਕੰਮ ਕਰ ਰਿਹਾ ਇੱਕ ਹੋਰ 26 ਸਾਲਾਂ ਦਾ ਨੌਜੁਆਨ ਪਿਛਲੇ ਸਾਲ ਦਸੰਬਰ ’ਚ ਪਹਿਲੀ ਵਾਰ ਆਇਆ ਸੀ ਅਤੇ ਹੁਣ ਦੁਕਾਨ ’ਤੇ ਕੰਮ ’ਤੇ ਜਾਣ ਤੋਂ ਪਹਿਲਾਂ ਓਟ ਸੈਂਟਰ ਹਾਜ਼ਰੀ ਲਵਾਉਣੀ ਜ਼ਰੂਰੀ ਸਮਝਦਾ ਹੈ। ਉਸ ਦਾ ਕਹਿਣਾ ਸੀ ਕਿ ਨਸ਼ੇ ਨੇ ਜੁਆਨੀ ਦੇ ਕੀਮਤੀ ਸਾਲ ਰੋਲ ਦਿੱਤੇ ਹਨ ਅਤੇ ਹੁਣ ਇਸ ਹਨ੍ਹੇਰੀ ਦੁਨੀਆਂ ’ਚ ਦੁਬਾਰਾ ਜਾਣ ਤੋਂ ਡਰ ਲੱਗਦਾ ਹੈ। ਇਸੇ ਤਰ੍ਹਾਂ 19 ਵਰ੍ਹਿਆਂ ਦਾ ਪਿਤਾ ਦੇ ਸਾਏ ਤੋਂ ਮਹਿਰੂਮ ਚੋਬਰ ਵੀ ਆਪਣੇ ਦਾਦੇ ਨਾਲ ਓਟ ਸੈਂਟਰ ਦੀ ਸ਼ਰਨ ਆ ਕੇ ਨਸ਼ੇ ਤੋਂ ਤੌਬਾ ਕਰ ਗਿਆ ਹੈ।
ਡਾ. ਜਨਾਗਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨੌਜੁਆਨ ਨਸ਼ਾ ਛੱਡਣ ਲਈ ਅੱਗੇ ਆਉਣ ਅਤੇ ਇਸੇ ਲਈ ਉਹ ਹਰ ਇੱਕ ਨੌਜੁਆਨ ਦਾ ਇਲਾਜ ਸ਼ੁਰੂ ਹੋਣ ਬਾਅਦ, ਉਸ ਨੂੰ ਆਪਣੇ ਸਾਥੀਆਂ ਨੂੰ ਵੀ ਇੱਥੇ ਲਿਆਉਣ ਲਈ ਪ੍ਰੇਰਦੇ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਸਫ਼ਲਤਾ ਵੀ ਮਿਲਦੀ ਹੈ।