ਨਵਾਂ ਸ਼ਹਿਰ, 11 ਫ਼ਰਵਰੀ,2019: ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੋਤਸਾਹਿਤ ਕਰਨ ਦੇ ਲਈ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਾਇਕਲ ਦਿੱਤੇ ਜਾ ਰਹੇ ਹਨ, ਜਿਸ ਨਾਲ ਲੜਕੀਆਂ ਨੂੰ ਵਿੱਦਿਆ ਹਾਸਲ ਕਰਨ ਦੇ ਲਈ ਘਰ ਤੋਂ ਸਕੂਲ ਆਉਣ ਜਾਣ ਦੀ ਔਕੜ ਸਮਾਪਤ ਹੋ ਸਕੇ।
ਇਹ ਪ੍ਰਗਟਾਵਾ ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ ਨੇ ਸਰਕਾਰੀ ਸੀਨੀਅਰ ਸੈਕਡਰੀ (ਲੜਕਿਆਂ) ਸਕੂਲ, ਉੜਾਪੜ `ਚ ਗਿਆਰਵੀਂ ਅਤੇ ਬਾਰਵੀਂ ਦੀਆਂ 30 ਵਿਦਿਆਰਥਣਾਂ ਨੂੰ ਸਾਇਕਲ ਵੰਡਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ੳੁੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ। ਸਮਾਰਟ ਸਕੂਲ ਅਤੇ ਸਮਾਰਟ ਕਲਾਸ ਰੂਮ ਬਣਾ ਕੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਹੋਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪੇਂਡੂ ਖੇਤਰ ਦੇ ਵਿਦਿਆਰਥਣਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਹੋਰ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆ ਦੇ ਪ੍ਰਸਾਰ ਦੇ ਲਈ ਬੁੱਧੀਜੀਵੀਆਂ ਨੇ ਜ਼ੋਰ ਦੇ ਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਜੋ ਪ੍ਰੇਰਨਾ ਦਿੱਤੀ ਹੈ, ਉਸ ਨੂੰ ਪੰਜਾਬ ਸਰਕਾਰ ਨੇ ਅਪਣਾਇਆ ਹੈ . ਉਨ੍ਹਾਂ ਕਿਹਾ ਕਿ ਵਿਦਿਆ ਹੀ ਉਹ ਮਾਧਿਅਮ ਹੈ, ਜਿਸ ਰਾਹੀਂ ਸਫ਼ਲਤਾ ਦਾ ਹਰ ਮੁਕਾਮ ਬਹੁਤ ਹੀ ਅਸਾਨੀ ਨਾਲ ਛੋਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਸਿੱਖਿਆ ਦੇ ਸਬੰਧੀ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਅਤੇ ਅਧਿਆਪਕਾਂ ਦਾ ਵੀ ਇਹ ਫਰਜ਼ ਹੈ ਕਿ ਉਹ ਵਿਦਿਆਰਥੀਆਂ ਵਿਚਲੇ ਛਿਪੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਲਈ ਜ਼ੋਰਦਾਰ ਯਤਨ ਕਰਨ।
ਪੰਜਾਬ ਸਰਕਾਰ ਵਲੋਂ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਹੈ, ਉਨ੍ਹਾਂ ਸਕੂਲਾਂ ਵਿੱਚ ਸਿਖਿਆ ਦੇ ਅਨੂਕੁਲ ਢੁਕਵਾਂ ਮਾਹੌਲ ਵੀ ਸਿਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜਸੇਵੀ ਸੰਗਠਨਾਂ, ਵੱਡੇ ਉਦਯੋਗਿਕ ਘਰਾਣਿਆਂ ਅਤੇ ਐਨ.ਆਰ.ਆਈਜ਼. ਵਜੋਂ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਾਇਆ ਗਿਆ ਯੋਗਦਾਨ ਵੀ ਜ਼ਿਕਰਯੋਗ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਨਵੀਆਂ ਰਾਹਾਂ ਖੋਲ੍ਹ ਦਿੱਤੀਆ ਹਨ, ਜਿਸ ਨਾਲ ਅੱਜ ਵਿਦਿਆਰਥੀ ਵੱਡੇ ਮੁਕਾਮ ਹਾਸਿਲ ਕਰ ਰਹੇ ਹਨ। ਉਨ੍ਹਾਂ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਫਰਜ ਪਹਿਚਾਨਣ ਅਤੇ ਆਪਣੀ ਜ਼ਿੰਮੇਂਵਾਰੀ ਨੂੰ ਸਹੀ ਢੰਗ ਨਾਲ ਅਪਣਾਉਣ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਚਰਨ ਸਿੰਘ, ਸਕੂਲ ਪ੍ਰਿੰਸੀਪਲ ਪਰਮਜੀਤ ਕੌਰ, ਪ੍ਰਮੋਦ ਭਾਰਤੀ, ਮਾਸਟਰ ਲਲਿਤ ਕੁਮਾਰ, ਬਲਾਕ ਸੰਮਤੀ ਮੈਂਬਰ ਜਗਦੀਸ਼ ਸਿੰਘ ਅਤੇ ਗੁਰਨਾਮ ਸਿੰਘ, ਸਰਪੰਚ ਸੁਰਿੰਦਰ ਸਿੰਘ ਸਮੇਤ ਪੰਚਾਇਤ ਮੈਂਬਰ ਮੌਜੂਦ ਸਨ।