ਕੋਟਕਪੂਰਾ , 17 ਫਰਵਰੀ 2019: ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਅਮਨ ਨਗਰ ਕੋਟਕਪੂਰਾ ਸਥਿਤ ਆਸ਼ਰਮ ਵਿੱਚ ਹਫ਼ਤਾਵਾਰੀ ਸਤਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ।
ਇਸ ਸਤਸੰਗ ਦੌਰਾਨ ਆਪਣੇ ਪ੍ਰਵਚਨਾਂ ਦੇ ਮਾਧਿਅਮ ਰਾਹੀਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਰੀਤੂ ਭਾਰਤੀ ਜੀ ਨੇ ਕਿਹਾ ਕਿ ਅੱਜ ਦੇ ਮਨੁੱਖ ਦੇ ਕੋਲ ਸਭ ਕੁੱਝ ਹੈ, ਲੇਕਿਨ ਫਿਰ ਵੀ ਮਨੁੱਖ ਦੁੱਖੀ ਹੈ । ਭੌਤਿਕ ਵਸਤੂਆਂ ਅਸੀਂ ਇੱਕਠੀਆਂ ਤਾਂ ਕਰ ਲਈਆਂ ਲੇਕਿਨ ਕੁੱਝ ਸਮਾਂ ਸ਼ਾਂਤੀ ਦੇ ਲਈ ਤਰਸਦਾ ਹੈ । ਕਾਰਨ ਇਹ ਹੈ ਕਿ ਜਿਸ ਸੁਖ ਸ਼ਾਂਤੀ ਦੀ ਪ੍ਰਾਪਤੀ ਲਈ ਉਸਨੇ ਸੰਸਾਰ ਦੀਆਂ ਵਸਤਾਂ ਨੂੰ ਇਕੱਠਾ ਕੀਤਾ, ਉਹ ਸੁਖ ਉਸ ਵਿੱਚ ਨਹੀਂ ਹੈ। ਸਾਧਵੀ ਜੀ ਨੇ ਦੱਸਿਆ ਕਿ ਸੁਖ ਬਾਹਰੀ ਉਪਲੱਬਧੀਆਂ ਨਾਲ ਨਹੀਂ ਪ੍ਰਾਪਤ ਹੁੰਦਾ, ਸਗੋਂ ਉਹ ਤਾਂ ਆਂਤਰਿਕ ਉਪਲੱਬਧੀਆਂ ਤੋਂ ਪ੍ਰਾਪਤ ਹੁੰਦਾ ਹੈ । ਆਂਤਰਿਕ ਉਪਲੱਬਧੀ ਤੋਂ ਭਾਵ ਆਤਮਾ ਦਾ ਵਿਕਾਸ । ਆਤਮਾ ਦੇ ਵਿਕਾਸ ਨੂੰ ਅਣਡਿੱਠਾ ਕਰਕੇ ਮਨੁੱਖ ਬਾਹਰੀ ਵਿਕਾਸ ਦੇ ਵੱਲ ਧਿਆਨ ਦਿੰਦਾ ਹੈ, ਇਸ ਕਾਰਨ ਹੀ ਉਹ ਪਰੇਸ਼ਾਨ ਹੁੰਦਾ ਹੈ । ਜਿਵੇਂ ਕੋਈ ਰੁੱਖ ਦੀ ਜੜ ਨੂੰ ਅਣਦੇਖਾ ਕਰਕੇ ਕੇਵਲ ਪੱਤਿਆਂ ਨੂੰ ਹੀ ਸਿਜਦਾ ਰਹੇ ਤਾਂ ਉਸਨੂੰ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ। ਉਹ ਰੁੱਖ ਇੱਕ ਦਿਨ ਖਤਮ ਹੋ ਜਾਵੇਗਾ । ਇਸ ਪ੍ਰਕਾਰ ਆਤਮਕ ਜੀਵਨ ਨੂੰ ਅਣਡਿੱਠਾ ਕਰ ਮਾਤਰ ਸਰੀਰਕ ਭਾਵ ਭੌਤਿਕ ਜੀਵਨ ਦੇ ਲਈ ਹੀ ਯਤਨ ਕਰਦੇ ਰਹਾਂਗੇ ਤਾਂ ਅਸੀਂ ਕਦੇ ਵੀ ਸ਼ਾਂਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਸ਼ਾਂਤੀ ਲਈ ਸ਼ਾਂਤੀ ਦੇ ਸਰੋਤ ਨਾਲ ਜੁੜਨਾ ਜਰੂਰੀ ਹੈ ਜੋ ਕਿ ਸਾਡੇ ਅੰਦਰ ਹੀ ਹੈ। ਇਸ ਲਈ ਸਥਾਈ ਆਨੰਦ ਲਈ ਆਤਮਾ ਦਾ ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹੀ ਸਾਡੇ ਜੀਵਨ ਦਾ ਇੱਕ ਮਾਤਰ ਲਕਸ਼ ਹੈ।