ਪਟਿਆਲਾ, 20 ਫਰਵਰੀ 2019: ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ, ਜਿਥੇ ਸ਼ੁਰੂ ਹੋਇਆ ਪਟਿਆਲਾ ਹੈਰੀਟੇਜ ਫੈਸਟੀਵਲ-2019 ਪਟਿਆਲਵੀਆਂ ਅਤੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ, ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ 'ਚ ਅੱਜ ਦੂਜੇ ਦਿਨ ਦੀ ਸ਼ਾਮ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਇਥੇ ਭਾਰਤੀ ਸ਼ਾਸ਼ਤਰੀ ਸੰਗੀਤ ਪ੍ਰੰਪਰਾ ਦੇ ਸਿਰਮੌਰ ਗਾਇਕ ਮੀਆਂ ਤਾਨਸੇਨ ਦੇ ਉਸਤਾਦ ਹਰੀਦਾਸ ਡਾਗਰ ਦੀ ਪੀੜ੍ਹੀ 'ਚੋਂ ਧਰੁਪਦ ਗਾਇਕੀ ਦੇ ਉੱਘੇ ਗਾਇਕ ਪਦਮ ਸ੍ਰੀ ਉਸਤਾਦ ਫੈਆਜ਼ ਵਾਸਿਫ਼ੁਦੀਨ ਡਾਗਰ ਨੇ ਧਰੁਪਦ ਗਾਇਕੀ ਦੇ ਰੰਗ ਬਿਖੇਰੇ।
ਇਸੇ ਦੌਰਾਨ ਇਮਦਾਦਖ਼ਾਨੀ ਇਟਾਵਾ ਘਰਾਣਾ ਦੇ ਉਸਤਾਦ ਨਿਸ਼ਾਤ ਖ਼ਾਨ, ਉਸਤਾਦ ਇਰਸ਼ਾਦ ਖ਼ਾਨ ਅਤੇ ਉਸਤਾਦ ਵਜ਼ਾਹਤ ਖਾਨ ਨੇ ਖ਼ੂਬ ਰੰਗ ਬੰਨ੍ਹਿਆਂ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕ ਸਰੋਤਿਆਂ ਨੇ ਸ਼ਾਸਤਰੀ ਸੰਗੀਤ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਭਾਰਤ ਦੀ ਪੁਰਾਤਨ ਸ਼ੈਲੀ ਦੇ ਸ਼ਾਸ਼ਤਰੀ ਸੰਗੀਤ ਦਾ ਸਤਿਕਾਰ ਕੀਤਾ।
ਪੰਜਾਬ ਸਰਕਾਰ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਹੈਰੀਟੇਜ ਉਤਸਵ ਪਟਿਆਲਵੀਆਂ ਲਈ ਇੱਕ ਖਾਸ ਉਤਸਵ ਬਣ ਗਿਆ ਹੈ। ਇਸ ਤਰ੍ਹਾਂ ਖ਼ੂਬਸੂਰਤ ਰੌਸ਼ਨੀਆਂ ਨਾਲ ਜਗਮਗਾ ਰਹੀ ਕਿਲਾ ਮੁਬਾਰਕ ਦੀ ਇਹ ਵਿਰਾਸਤੀ ਇਮਾਰਤ ਆਮ ਸ਼ਹਿਰੀਆਂ ਨੂੰ ਆਪਣੇ ਦੀਦਾਰ ਕਰਨ ਲਈ ਮਜ਼ਬੂਰ ਕਰ ਰਹੀ ਹੈ, ਸਿੱਟੇ ਵਜੋਂ ਸੰਗੀਤ ਪ੍ਰੇਮੀ ਇਸ ਵਿਰਾਸਤੀ ਉਤਸਵ ਦਾ ਆਨੰਦ ਮਾਣ ਰਹੇ ਹਨ।
ਪਟਿਆਲਾ ਹੈਰੀਟੇਜ ਉਸਤਵ ਦੇ ਦੂਜੇ ਦਿਨ ਦੀ ਇਸ ਸ਼ਾਸਤਰੀ ਸੰਗੀਤ ਦੀ ਸ਼ਾਮ ਦੌਰਾਨ ਆਈ.ਜੀ. ਪਟਿਆਲਾ ਸ. ਏ.ਐਸ. ਰਾਏ, ਸ੍ਰੀਮਤੀ ਅਨੀਤਾ ਸਿੰਘ, ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਪੂਨਮਦੀਪ ਕੌਰ ਤੇ ਸ੍ਰੀਮਤੀ ਸ਼ੈਲਜਾ ਖੰਨਾ, ਕੈਪਟਨ ਅਮਰਜੀਤ ਸਿੰਘ ਜੇਜੀ, ਕਰਨਲ ਆਰ.ਐਸ. ਬਰਾੜ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਸ਼ਾਸ਼ਤਰੀ ਸੰਗੀਤ ਦਾ ਅਨੰਦ ਮਾਣਿਆ।
ਇਸ ਸ਼ਾਸਤਰੀ ਸੰਗੀਤ ਦੀ ਮਧੁਰ ਸੰਗੀਤਮਈ ਸ਼ਾਮ ਦੌਰਾਨ ਪਦਮ ਸ੍ਰੀ ਉਸਤਾਦ ਫੈਆਜ਼ ਵਾਸਿਫ਼ੁਦੀਨ ਡਾਗਰ ਨੇ ਰਾਗ ਕਾਮਬੋਜੀ ਤੋਂ ਸ਼ੁਰੂਆਤ ਕਰਕੇ ਵਿਰਾਸਤੀ ਧਰੁਪਦ ਗਾਇਕੀ ਨਾਲ ਰੰਗ ਬੰਨ੍ਹਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਉਸਤਾਦ ਡਾਗਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਹੁਤ ਚੰਗਾ ਉਪਰਾਲਾ ਸੀ ਜਦੋਂ ਪਹਿਲਾਂ ਇਸ ਵਿਰਾਸਤੀ ਉਸਤਵ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਮੁੜ ਸ਼ੁਰੂ ਕਰਨਾ ਪੰਜਾਬ ਸਰਕਾਰ ਦਾ ਹੋਰ ਵੀ ਚੰਗਾ ਉਪਰਾਲਾ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਾਸਤਰੀ ਸੰਗੀਤ ਤੋਂ ਡਰਨ ਦੀ ਨਹੀਂ ਸਗੋਂ ਇਸਨੂੰ ਜਾਨਣ ਦੀ ਲੋੜ ਹੈ ਕਿਉਂਕਿ ਕਲਾਸੀਕਲ ਦਾ ਭਾਵ ਜਗਿਆਸਾ ਹੈ ਤੇ ਜਾਨਣ ਦੀ ਜਗਿਆਸਾ ਨਾਲ ਸਾਡੀ ਨੇੜਤਾ ਕਲਾਸੀਕਲ ਸੰਗੀਤ ਨਾਲ ਹੁੰਦੀ ਹੈ।
ਉਸਤਾਦ ਫ਼ੈਆਜ਼ ਵਾਸਿਫ਼ੁਦੀਨ ਡਾਗਰ ਨਾਲ ਤੰਬੂਰੇ 'ਤੇ ਲਾਰੈਂਸ ਬਾਸਟਿਟ ਅਤੇ ਸ਼ੌਵਿਕ ਬਾਸੂ ਨੇ ਅਤੇ ਪਖਾਵਜ 'ਤੇ ਨਾਥ ਦੁਆਰਾ ਪ੍ਰੰਪਰਾ ਦੇ ਕੁਦਾਉ ਸਿੰਘ ਪਖਾਵਜ ਘਰਾਣੇ ਦੇ ਪੰਡਿਤ ਮੋਹਨ ਸ਼ਾਮ ਸ਼ਰਮਾ ਨੇ ਸੰਗਤ ਕੀਤੀ। ਜਿਕਰਯੋਗ ਹੈ ਕਿ ਧਰੁਪਦ ਗਾਇਕੀ ਪੰਜਾਬ ਦੀ ਪੁਰਾਣੀ ਪ੍ਰੰਪਰਾ ਹੈ ਅਤੇ ਤਲਵੰਡੀ ਤੇ ਕਪੂਰਥਲਾ ਘਰਾਣੇ ਇਸਦੇ ਮੁੱਖ ਸਥਾਨ ਰਹੇ ਹਨ ਅਤੇ ਧਰੁਪਦ ਗਾਇਕੀ ਨਾਲ ਹੀ ਅੱਜ ਉਸਤਾਦ ਡਾਗਰ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਸੀ।
ਇਸ ਤੋਂ ਬਾਅਦ ਇਮਦਾਦਖ਼ਾਨੀ ਇਟਾਵਾ ਘਰਾਣੇ ਦੇ ਮਸ਼ਹੂਰ ਸਿਤਾਰ ਵਾਦਕ ਅਤੇ ਉਸਤਾਦ ਵਿਲਾਇਤ ਖ਼ਾਨ ਦੇ ਭਤੀਜੇ ਅਤੇ ਉਸਤਾਦ ਇਮਰਤ ਖ਼ਾਨ ਦੇ ਸਪੁੱਤਰ ਉਸਤਾਦ ਨਿਸ਼ਾਤ ਖ਼ਾਨ, ਉੱਘੇ ਸੁਰਬਹਾਰ ਵਾਦਕ ਉਸਤਾਦ ਇਰਸ਼ਾਦ ਖ਼ਾਨ ਅਤੇ ਉੱਘੇ ਸਰੋਦ ਵਾਦਕ ਉਸਤਾਦ ਵਜ਼ਾਹਤ ਖਾਨ ਨੇ ਖਮਾਜ ਅਤੇ ਰਾਗ ਦਰਬਾਰੀ ਸਮੇਤ ਸ਼ਾਸਤਰੀ ਸੰਗੀਤ ਦੀਆਂ ਹੋਰ ਵੰਨਗੀਆਂ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸ੍ਰੀ ਰਾਮ ਕੁਮਾਰ ਮਿਸ਼ਰਾ, ਸ੍ਰੀ ਰਿਸ਼ੀ ਉਪਾਧਿਆ ਸਮੇਤ ਹੋਰਨਾਂ ਨੇ ਸੰਗਤ ਕੀਤੀ। ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਮੰਚ ਦਾ ਸੰਚਾਲਨ ਮਸ਼ਹੂਰ ਟੀ.ਵੀ. ਅਤੇ ਸਟੇਜ ਐਂਕਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਰਾਹੁਲ ਸਿੰਧੂ, ਐਸ.ਡੀ.ਐਮ. ਪਟਿਆਲਾ ਸ੍ਰੀ ਸੰਜੀਵ ਕੁਮਾਰ ਤੇ ਵੱਡੀ ਗਿਣਤੀ 'ਚ ਪਟਿਆਲਾ ਵਾਸੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਅਨੰਦ ਮਾਣਿਆ।