ਐਸ.ਪੀ.(ਹੈਡ ਕੁਆਟਰ) ਵਜੋਂ ਚਾਰਜ ਸੰਭਾਲਦੇ ਹੋਏ ਨਵਨੀਤ ਸਿੰਘ ਬੈਂਸ (ਆਈ .ਪੀ.ਐਸ.),ਉਨ੍ਹਾਂ ਨਾਲ ਦਿਖਾਈ ਦੇ ਰਹੇ ਹਨ ਐਸ.ਪੀ.(ਜਾਂਚ) ਹਰਪਾਲ ਸਿੰਘ, ਵੱਖ-ਵੱਖ ਡਵੀਜਨਾਂ ਦੇ ਡੀ.ਐਸ.ਪੀਜ਼, ਐਸ.ਐਚ.ਓਜ਼ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਮੁੱਖ ਰੀਡਰ ਹਰਜਿੰਦਰ ਸਿੰਘ ਤੇ ਹੋਰ
ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਦੀਦਾਰ ਗੁਰਨਾ)- ਪੰਜਾਬ ਪੁਲਿਸ ਵਿਚ ਵੱਡੀ ਪੱਧਰ ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲੇ ਹੋ ਰਹੇ ਹਨ। ਇਸੇ ਲੜੀ ਅਧੀਨ ਅੱਜ ਜਲੰਧਰ ਤੋਂ ਤਬਦੀਲ ਹੋ ਕੇ ਆਏ ਨਵਨੀਤ ਸਿੰਘ ਬੈਂਸ(ਆਈ .ਪੀ.ਐਸ.) ਨੇ ਫ਼ਤਹਿਗੜ੍ਹ ਸਾਹਿਬ ਦੇ ਐਸ.ਪੀ.(ਹੈਡ ਕੁਆਟਰ) ਦਾ ਚਾਰਜ ਸੰਭਾਲ ਲਿਆ ਹੈ, ਜਦੋਂ ਕਿ ਇਸ ਤੋਂ ਪਹਿਲਾ ਉਨ੍ਹਾਂ ਦੀ ਥਾਂ ਤੇ ਸੇਵਾਵਾਂ ਨਿਭਾ ਰਹੇ ਐਸ.ਪੀ. ਰਵਿੰਦਰਪਾਲ ਸਿੰਘ ਸੰਧੂ(ਪੀ.ਪੀ.ਐਸ.) ਨੂੰ ਉਨ੍ਹਾਂ ਦੀ ਹੀ ਥਾਂ ਜਲੰਧਰ ਵਿਖੇ ਬਤੌਰ ਐਸ.ਪੀ. ਹੈਡ ਕੁਆਟਰ ਤਬਦੀਲ ਕੀਤਾ ਹੈ।
ਤਬਾਦਲੇ ਦੇ ਚੱਲਦਿਆਂ ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੂੰ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਵਿਦਾਇਗੀ ਸਮਾਗਮ ਦਾ ਆਯੋਜਨ ਕਰਕੇ ਨਿੱਘੀ ਵਿਦਾਇਗੀ ਦਿੱਤੀ ਗਈ, ਜਿਸ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ(ਆਈ.ਪੀ.ਐਸ.) ਨੇ ਕੀਤੀ।
ਇਸ ਤੋਂ ਪਹਿਲਾ ਇਸ ਜ਼ਿਲ੍ਹੇ ਦੇ ਨਵ-ਨਿਯੁਕਤ ਐਸ.ਪੀ.(ਐਚ.) ਨਵਨੀਤ ਸਿੰਘ ਬੈਂਸ ਨੇ ਸਮੂਹ ਅਧਿਕਾਰੀਆਂ ਦੀ ਹਾਜ਼ਰੀ ਵਿਚ ਚਾਰਜ ਸੰਭਾਲਿਆ ਅਤੇ ਆਪਣੇ ਸਟਾਫ ਵਿਚ ਮੌਜੂਦ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਹਿਦਾਇਤ ਕੀਤੀ। ਸ. ਬੈਂਸ ਨੇ ਕਿਹਾ ਕਿ ਲੋਕਾਂ ਦੇ ਕੰਮ ਨਿਰਪੱਖਤਾ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਕਿਸੇ ਵੀ ਮੁਲਾਜ਼ਮ ਦੀ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ। ਇਸ ਮੌਕੇ ਸ. ਬੈਂਸ ਦਾ ਐਸ.ਪੀ.(ਜਾਂਚ) ਹਰਪਾਲ ਸਿੰਘ ਦੀ ਅਗਵਾਈ ਵਿਚ ਫੁੱਲਾਂ ਵਾਲਾ ਬੂੱਕੇ ਦੇ ਕੇ ਸਵਾਗਤ ਵੀ ਕੀਤਾ ਗਿਆ ਅਤੇ ਭਰੋਸਾ ਦਿੱਤਾ ਕਿ ਉਹ ਪੁਲਿਸ ਸੇਵਾਵਾਂ ਵਿਚ ਉਨ੍ਹਾਂ ਨੂੰ ਪੂਰਨ ਸਹਿਯੋਗ ਕਰਦੇ ਰਹਿਣਗੇ।
ਇਥੋਂ ਤਬਦੀਲ ਹੋਏ ਐਸਪੀ.(ਐਚ.) ਰਵਿੰਦਰਪਾਲ ਸਿੰਘ ਸੰਧੂ ਨੂੰ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਡਵੀਜ਼ਨਾਂ ਦੇ ਡੀ.ਐਸ.ਪੀਜ਼, ਐਸ.ਐਚ.ਓਜ਼ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਮੁੱਖ ਰੀਡਰ ਹਰਜਿੰਦਰ ਸਿੰਘ ਵੀ ਮੌਜੂਦ ਸਨ।