ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਪੁਲਿਸ ਵੱਲੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਅਤੇ ਨਗਦੀ ਤੇ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ। ਉਨ੍ਹਾਂ ਦੇ ਨਾਲ ਐਸ.ਪੀ. (ਜਾਂਚ) ਸ.ਹਰਪਾਲ ਸਿੰਘ ਵੀ ਵਿਖਾਈ ਦੇ ਰਹੇ ਹਨ।
ਫ਼ਤਹਿਗੜ੍ਹ ਸਾਹਿਬ, 13 ਮਾਰਚ:-(ਦੀਦਾਰ ਗੁਰਨਾ ) ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਤਹਿਤ ਜਿਥੇ ਪੁਲਿਸ ਵੱਲੋਂ ਲਾਏ ਗਏ ਵਿਸ਼ੇਸ਼ ਨਾਕਿਆਂ ਦੌਰਾਨ 3 ਕੁਇੰਟਲ 05 ਕਿਲੋ ਭੁੱਕੀ, 130 ਪੇਟੀਆਂ ਨਜ਼ਾਇਜ ਸ਼ਰਾਬ, 1100 ਨਸ਼ੀਲੀਆਂ ਗੋਲੀਆਂ ਅਤੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਉਥੇ ਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ 9 ਲੱਖ ਰੁਪਏ ਦੀ ਨਗਦੀ ਅਤੇ 200 ਗ੍ਰਾਮ ਸੋਨਾ ਵੀ ਜਬਤ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਰਮਿੰਦਰ ਸਿੰਘ ਕਾਹਲੋਂ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਮੂਲੇਪੁਰ ਇੰਸਪੈਕਟਰ ਭਗਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ ਸਰਹਿੰਦ ਜੀ.ਟੀ. ਰੋਡ ਪਿੰਡ ਜਿਊਣ ਪੁਰਾ (ਨੇੜੇ ਮੈਕਡੋਨਲਡ) ਵਿਖੇ ਕੀਤੀ ਨਾਕਾਬੰਦੀ ਦੌਰਾਨ ਚੋਣਾਂ ਦੇ ਮੱਦੇ ਨਜ਼ਰ ਆਦਰਸ਼ ਚੋਣ ਜਾਬਤੇ ਤਹਿਤ ਰਾਜਪੁਰਾ ਸਾਈਡ ਤੋਂ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਰੋਕ ਕੇ ਬੱਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਦੀਪਕ ਭਾਰਦਵਾਜ ਵਾਸੀ ਮਕਾਨ ਨੰ: 662 ਸੈਕਟਰ 09 ਪੰਚਕੁਲਾ ਦੇ ਬੈਗ ਦੀ ਚੈਕਿੰਗ ਕਰਨ 'ਤੇ ਉਸ ਵਿੱਚੋਂ 9 ਲੱਖ ਰੁਪਏ ਦੀ ਨਗਦੀ ਅਤੇ 200 ਗ੍ਰਾਮ ਵਜ਼ਨ ਦੇ ਸੋਨੇ ਦੇ ਵੱਖ-ਵੱਖ ਗਹਿਣੇ ਬਰਾਮਦ ਕੀਤੇ ਗਏ। ਜਿਨ੍ਹਾਂ ਸਬੰਧੀ ਦੀਪਕ ਭਾਰਦਵਾਜ਼ ਕੋਈ ਬਿਲ ਜਾਂ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਜਿਸ ਸਬੰਧੀ ਅਗਲੀ ਲੋੜੀਂਦੀ ਵੈਰੀਫਿਕੇਸ਼ਨ ਅਤੇ ਬਣਦੀ ਕਾਨੁੰਨੀ ਕਾਰਵਾਈ ਕਰਨ ਲਈ ਇੰਨਕਮ ਟੈਕਸ ਦੇ ਸਬੰਧਤ ਨੋਡਲ ਅਫਸਰ ਨੂੰ ਕਿਹਾ ਗਿਆ ਅਤੇ ਮੰਗੀ ਗਈ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਏ.ਐਸ.ਪੀ. ਸਰਕਲ ਖਮਾਣੋਂ ਸ਼੍ਰੀਮਤੀ ਵਸਤਲਾ ਗੁਪਤਾ ਆਈ.ਪੀ.ਐਸ, ਦੇ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਖਮਾਣੋਂ ਪਵਨ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ. ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਖੰਨਾ ਰੋਡ ਪੁੱਲ਼ ਸੁਆ ਪਿੰਡ ਬਰਵਾਲੀ ਵਿਖੇ ਵਾਹਨਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਪਾਰਟੀ ਵੱਲੋਂ ਖੰਨਾ ਸਾਈਡ ਤੋਂ ਆ ਰਹੇ ਇੱਕ ਟਰੱਕ ਨੰ: ਪੀ.ਬੀ. 10- ਸੀਜੇ-1691 ਦੇ ਡਰਾਈਵਰ ਨੂੰ ਟਰੱਕ ਰੁਕਣ ਦਾ ਇਸ਼ਾਰਾ ਕੀਤਾ ਗਿਆ ਪ੍ਰੰਤੂ ਡਰਾਈਵਰ ਗੱਡੀ ਸੜਕ 'ਤੇ ਰੋਕ ਕੇ ਹੀ ਖੇਤਾਂ ਵੱਲ ਭੱਜ ਗਿਆ। ਜਦਕਿ ਟਰੱਕ ਵਿੱਚ ਬੈਠੇ ਮੁਖਤਿਆਰ ਸਿੰਘ ਵਾਸੀ ਠੀਕਰੀਵਾਲ ਥਾਣਾ ਖਮਾਣੋਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਟਰੱਕ ਦੀ ਤਲਾਸ਼ੀ ਲੈਣ ਮੌਕੇ ਟਰੱਕ ਵਿੱਚੋਂ 03 ਕੁਇੰਟਲ 05 ਕਿਲੋ ਭੁੱਕੀ ਬਰਾਮਦ ਕੀਤੀ ਗਈ। ਇਸ ਤਰ੍ਹਾਂ ਕਥਿਤ ਦੋਸ਼ੀ ਮੁਖਤਿਆਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਠੀਕਰੀਵਾਲ ਅਤੇ ਫਰਾਰ ਹੋਏ ਡਰਾਈਵਰ ਰਾਜਦੀਪ ਸਿੰਘ ਪਿੰਡ ਧੌਲ ਖੁਰਦ ਨੇੜੇ ਰਾੜਾ ਸਾਹਿਬ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਖਮਾਣੋਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੋਂ ਦੱਸਿਆ ਕਿ ਡੀ.ਐਸ.ਪੀ. ਅਮਲੋਹ ਸ਼੍ਰੀ ਗੁਰਸ਼ੇਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਅਮਲੋਹ ਇੰਸਪੈਕਟਰ ਮਹਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ. ਵੇਦ ਪ੍ਰਕਾਸ਼ ਨੇ ਪੁਲਿਸ ਪਾਰਟੀ ਵੱਲੋਂ ਗਸ਼ਤ ਅਤੇ ਨਾਕਾਬੰਦੀ ਦੌਰਾਨ ਨਵਾਂ ਬੱਸ ਸਟੈਂਡ ਅਮਲੋਹ ਵਿਖੇ ਟੈਂਪੂ ਮਾਰਕਾ ਸੁਪਰ ਜਿਸ ਦਾ ਨੰਬਰ ਪੀ.ਬੀ. 10-ਡੀ ਜੈਡ-2831 ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਡਰਾਈਵਰ ਟੈਂਪੂ ਰੋਕ ਕੇ ਫਰਾਰ ਹੋ ਗਿਆ, ਟੈਂਪੂ ਦੀ ਤਲਾਸ਼ੀ ਕਰਨ 'ਤੇ ਵੱਖ-ਵੱਖ ਕਿਸਮ ਦੀ ਨਜਾਇਜ਼ ਸ਼ਰਾਬ ਦੀਆਂ 130 ਪੇਟੀਆਂ ਬਰਾਮਦ ਕੀਤੀਆਂ ਅਤੇ ਟੈਂਪੂ ਦੇ ਡਰਾਈਵਰ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਅਮਲੋਹ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਕਥਿਤ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਇੰਸਪੈਕਟਰ ਅਮਰਦੀਪ ਸਿੰਘ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਦੀਆਂ ਹਦਾਇਤਾਂ 'ਤੇ ਏ.ਐਸ.ਆਈ. ਮੇਜਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਨੇੜੇ ਬੱਸ ਅੱਡਾ ਰਜਿੰਦਰਗੜ੍ਹ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਰਾਜ ਕੁਮਾਰ ਉਰਫ ਰਾਜੂ ਵਾਸੀ ਰੋਹਟੀ ਛੰਨਾ ਦੀ ਤਲਾਸ਼ੀ ਲੈਣ 'ਤੇ ਉਸ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦੇ ਪੋਲੀਥੀਨ ਲਿਫਾਫੇ ਵਿੱਚੋਂ 1100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਕਥਿਤ ਦੋਸ਼ੀ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ ਸੀ.ਆਈ. ਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਏ.ਐਸ.ਆਈ. ਹਰਪਾਲ ਸਿੰਘ ਜੋ ਕਿ ਪੁਲਿਸ ਪਾਰਟੀ ਸਮੇਤ ਜੀ.ਟੀ. ਰੋਡ ਸਰਹਿੰਦ ਵਿਖੇ ਮੌਜੂਦ ਸੀ, ਨੂੰ ਇਤਲਾਹ ਮਿਲੀ ਸੀ ਕਿ ਕਥਿਤ ਦੋਸ਼ੀ ਗੁਰਿੰਦਰ ਸਿੰਘ ਵਾਸੀ ਪਿੰਡ ਭਮਾਰਸੀ ਬੁਲੰਦ ਜੋ ਕਿ ਨਸ਼ੀਲਾ ਪਦਾਰਥ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ, ਜਿਸ 'ਤੇ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਨੂੰ ਪਿੰਡ ਸਿੱਧੂਪੁਰ ਵਿਖੇ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਕੇ ਉਸ ਪਾਸੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।