ਅੰਮ੍ਰਿਤਸਰ 14 ਮਾਰਚ 2019 - ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੱਥ ਲਿਖਤਾਂ ਦੇ ਖਰੜੇ ਜੋ 100 ਤੋ 300 ਸਾਲ ਪੁਰਾਣੇ ਹਨ ਦੀ ਪ੍ਰਦਰਸ਼ਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮਿਊਜ਼ੀਅਮ ਹਾਲ ਵਿਚ ਲਗਾਈ ਗਈ ਹੈ । ਦੋ ਦਿਨਾਂ ਇਸ ਹੱਥ ਲਿਖਤਾਂ ਖਰੜੇ ਦੀ ਪ੍ਰਦਰਸ਼ਨੀ ਨੂੰ ਵੇਖਣ ਦੇ ਲਈ ਜਿੱਥੇ ਆਮ ਸ਼ਰਧਾਲੂਆਂ ਵੱਲੋ ਉਤਸ਼ਾਹ ਵਿਖਾਇਆਂ ਜਾ ਰਿਹਾ ਹੈ ਉੱਥੇ ਪੁਰਾਤਨ ਜਨਮ ਸ਼ਾਖੀਆਂ ਦਾ ਅਧਿਐਨ ਕਰਨ ਵਾਲੇ ਖੋਜਾਂਰਥੀਆਂ ਵੱਲੋਂ ਵੀ ਪੂਰੀ ਦਿਲਚਸਪੀ ਲਈ ਜਾ ਰਹੀ ਹੈ ਅਤੇ 15 ਦੇ ਕਰੀਬ ਹੱਥ ਲਿਖ਼ਤਾਂ ਬਾਰੇ ਮਾਹਰਾਂ ਕੋਲੋਂ ਜਾਣਕਾਰੀ ਵੀ ਇੱਕਤਰ ਕੀਤੀ ਜਾ ਰਹੀ ਹੈ ।
ਹੱਥ ਲਿਖਤਾਂ ਦੀ ਪ੍ਰਦਰਸ਼ਨੀ 14 ਮਾਰਚ ਤੱਕ ਚੱਲੇਗੀ । ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ , ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਲਗਾਈ ਗਈ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 'ਕਲਾ ਤੇ ਸਾਹਿਤ' ਦੀ ਪ੍ਰਦਰਸ਼ਨੀ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਹਰਦੀਪ ਸਿੰਘਨੇ ਕੀਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰਦੇ ਮੁਖੀ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਕਾਰਜਾਂ ਨਾਲ ਸੰਬੰਧਿਤ 22 ਤਸਵੀਰਾਂ ਲਗਾਈਆਂ ਗਈਆਂ ਹਨ।ਇਸ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਜਿਸ ਵਿਚ ਜਨਮ ਸਾਖੀਆਂ, ਸ੍ਰੀ ਨਾਨਕ ਪ੍ਰਕਾਸ਼ ਤੇ 'ਜਪੁ' ਜੀ ਸਾਹਿਬ ਬਾਣੀ ਦੇ ਟੀਕਿਆਂ ਦੇ 15 ਹੱਥ-ਲਿਖਤ ਖਰੜੇ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਾਰੇ ਹੱਥ-ਲਿਖਤ ਖਰੜੇ 100 ਤੋਂ 300 ਸਾਲ ਪੁਰਾਣੇ ਕਲਮ ਨਾਲ ਲਿਖਾਰੀਆਂ ਵਲੋਂ ਲਿਖੇ ਹੋਏ ਹਨ।
ਜਨਮ ਸਾਖੀਆਂ ਵਿਚ ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਦਿ 8 ਜਨਮ ਸਾਖੀਆਂ ਸ਼ਾਮਿਲ ਹਨ, ਸ੍ਰੀ ਨਾਨਕ ਪ੍ਰਕਾਸ਼ ਤੇ ਨਾਨਕ ਬੰਸ ਪ੍ਰਕਾਸ਼ ਦੇ 3 ਖਰੜੇ ਸ਼ਾਮਿਲ ਹਨ, ਅਜਿਤੇ ਰੰਧਾਵੇ ਨਾਲ ਗੋਸਟਿ, ਗਿਆਨ ਰਤਨਾਵਲੀ ਦੀ ਵਾਰ ਦਾ ਟੀਕਾ ਵੀ ਰੱਖਿਆ ਹੋਇਆ ਹੈ ਅਤੇ 'ਜਪੁ' ਜੀ ਸਾਹਿਬ ਦੇ 2 ਟੀਕੇ, ਇਕ ਸਾਧੂ ਅਨੰਦਘਣ ਵਾਲਾ ਤੇ ਦੂਜਾ ਭਾਈ ਮਨੀ ਸਿੰਘ ਵਾਲਾ ਪ੍ਰਦਰਸ਼ਨੀ ਵਿਚ ਸ਼ਾਮਿਲ ਹਨ।ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ. ਹਰਦੀਪ ਸਿੰਘ ਨੇਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਲਗਾਈਆਂ ਗਈਆ ਤਸ਼ਵੀਰਾਂ ਗਿਆਨ ਦਾ ਸੋਮਾ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੱਥੇ ਇਹ ਪ੍ਰਦਰਸ਼ਨੀ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗੀ ਉਥੇ ਧਰਮ ਅਧਿਐਨ ਦੇ ਵਿਦਿਆਰਥੀਆਂ ਅਤੇ ਖੋਜਆਰਥੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਆਪਣੀ ਖੋਜ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਉਹਨਾਂ ਦੱਸਿਆ ਪ੍ਰਦਰਸ਼ਨੀ ਵਿਚ ਲੱਗੀਆਂ ਤਸਵੀਰਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ, ਗੁਰੂ ਨਾਨਕ ਸਾਹਿਬ ਅਤੇ ਭੈਣ ਨਾਨਕੀ, ਖੇਤ ਹਰਾ ਭਰਾ ਕਰਨ ਦੀ ਸਾਖੀ, ਸੱਚਾ ਸੌਦਾ, ਜਨੇਊ ਪਾਉਣ ਤੋਂ ਇਨਕਾਰ, ਉਦਾਸੀਆਂ ਦਾ ਆਰੰਭ, ਭਾਈ ਲਾਲੋ ਨਾਲ ਮਿਲਾਪ, ਮਲਕ ਭਾਗੋ ਤੇ ਭਾਈ ਲਾਲੋ, ਹਰਿਦੁਆਰ ਵਿਖੇ ਪੰਡਿਤਾਂ ਨੂੰ ਉਪਦੇਸ਼, ਰੀਠੇ ਮਿੱਠੇ ਕਰਨ ਦੀ ਸਾਖੀ, ਸਾਲਸ ਰਾਏ ਜੌਹਰੀ ਨਾਲ ਮਿਲਾਪ, ਕੋਹੜੀ ਦਾ ਉਧਾਰ, ਬੇਬੇ ਨਾਨਕੀ ਜੀ ਗੁਰੂ ਜੀ ਦੀ ਯਾਦ ਵਿਚ, ਸਿੱਧਾਂ ਨਾਲ ਗੋਸ਼ਟਿ, ਅਰਬ ਦੇਸ਼ ਜਾਣਾ, ਮੱਕੇ ਦੀ ਫੇਰੀ, ਬਗਦਾਦ ਵਿਖੇ ਦਸਤਗੀਰ ਪੀਰ ਨਾਲ ਮੁਲਾਕਾਤ, ਇਲਾਹੀ ਬਾਣੀ ਦਾ ਉਚਾਰਨ, ਗੁਰੂ ਸਾਹਿਬ ਦਾ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨਾਲ ਮਿਲਾਪ, ਭਾਈ ਲਹਿਣੇ ਨੂੰ ਅਸ਼ੀਰਵਾਦ, ਗੁਰਿਆਈ ਸੌਂਪਣਾ ਤੇ ਅਖੀਰ ਜੋਤੀ ਜੋਤ ਸਮਾਉਣ ਤੱਕ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਂਦੀਆਂ ਹਨ।ਇਸ ਮੌਕੇ ਜਿੱਥੇ ਵੱਖ ਵੱਖ ਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ ਉੱਥੇ ਵਿਦਿਆਰਥੀਆਂ ਵੱਲੋ ਵੀ ਹੱਥ ਲਿਖਤ ਖਰੜਿਆਂ ਦੀ ਪ੍ਰਦਰਸ਼ਨੀ ਵਿਚ ਡੂੰਘੀ ਦਿਲਚਸਪੀ ਲਈ ਜਾ ਰਹੀ ਹੈ।