ਨਵਾਂਸ਼ਹਿਰ, 14 ਮਾਰਚ,2019
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਨਵਾਂਸ਼ਹਿਰ ਦੇ ਸੁਵਿਧਾ ਕੇਂਦਰ ਤੋਂ ਸਵੀਪ ਗਤੀਵਿਧੀ ਤਹਿਤ ‘ਵੋਟਰ ਜਾਗਰੂਕਤਾ ਹਸਤਾਖ਼ਰ ਮੁਹਿੰਮ’ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਸਤਾਖ਼ਰ ਮੁਹਿੰਮ ਦਾ ਹਿੱਸਾ ਬਣਨ ਅਤੇ ਸੰਕਲਪ ਲੈਣ ਕਿ ਉਹ 19 ਮਈ ਨੂੰ ਆਪਣੇ ਵੋਟ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨਗੇ।
ਡਿਪਟੀ ਕਮਿਸ਼ਨਰ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਹਰੀਸ਼ ਕੁਮਾਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਵਿਪਨ ਕੁਮਾਰ, ਦੋਆਬਾ ਕਾਲਜ ਛੋਕਰਾਂ ਦੇ ਡਾਇਰੈਕਟਰ ਰਾਜੇਸ਼ਵਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਆਪਣੇ ਹਸਤਾਖ਼ਰ ਕਰਕੇ ਵੋਟਰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੇ।
ਸ੍ਰੀ ਬਬਲਾਨੀ ਨੇ ਮੁਹਿੰਮ ਦੀ ਸ਼ੁਰੂਆਤ ਉਪਰੰਤ ਦੱਸਿਆ ਕਿ ਇਸ ਵਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋਕ ਸਭਾ ਦੀ ਪਿਛਲੀ ਮਤਦਾਨ ਪ੍ਰਤੀਸ਼ਤਤਾ ਜੋ 71 ਫ਼ੀਸਦੀ ਸੀ, ਨੂੰ ਅੱਗੇ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਵੱਖ-ਵੱਖ ਸਵੀਪ ਗਤੀਵਿਧੀਆਂ ਤਹਿਤ ਫ਼ੇਸਬੁੱਕ ਪੰਨਾ (ਫੇਸਬੁਕ ਡੋਟ ਕੋਮ/ਸਵੀਪ ਐਨ ਐਸ ਆਰ) ਬਣਾਉਣ, ਵਿਦਿਅਕ ਸੰਸਥਾਂਵਾਂ ਵਿੱਚ ਨੌਜੁਆਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਇਲੈਕਟੋਰਲ ਲਿਟਰੇਸੀ ਕਲੱਬ ਬਣਾ ਕੇ ਚੋਣ ਪਾਠਸ਼ਾਲਾਵਾਂ ਲਾਉਣ, ਸਕੂਲਾਂ ਵਿੱਚ ਵਿਦਿਆਰਥੀਆਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਸੰਕਲਪ ਪੱਤਰ ਭਰਵਾਉਣ, ਸੁਵਿਧਾ ਅਤੇ ਹੋਰ ਜਨਤਕ ਸੇਵਾਵਾਂ ਵਾਲੇ ਥਾਂਵਾਂ ’ਤੇ ਦਿੱਤੀਆਂ ਜਾਂਦੀਆਂ ਰਸੀਦਾਂ ’ਤੇ ਮਤਦਾਨ ਪ੍ਰਤੀ ਨਾਅਰੇ ਦੇਣ, ਸਰਕਾਰੀ ਦਫ਼ਤਰਾਂ ਵਿੱਚ ਮਤਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਅਰੇ ਲਿਖਣ ਅਤੇ ਪਹਿਲੀ ਵਾਰ ਵੋਟਰ ਬਣੇ ਨੌਜੁਆਨਾਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਵਾਸਤੇ ਯਤਨ ਕਰਨ, ਆਦਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੋਟਰਾਂ ਵੱਲੋਂ ਕੀਤੇ ਮਤਦਾਨ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਬਾਰੇ ਉਨ੍ਹਾਂ ’ਚ ਵਿਸ਼ਵਾਸ਼ ਪੈਦਾ ਕਰਨ ਲਈ ਈ ਵੀ ਐਮਜ਼ ਨਾਲ ਜੋੜੀਆਂ ਗਈਆਂ ਵੀ ਵੀ ਪੀ ਏ ਟੀ ਮਸ਼ੀਨਾਂ ਬਾਰੇ ਵੀ ਥਾਂ-ਥਾਂ ਪ੍ਰਦਰਸ਼ਨੀ ਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਜ਼ਿਲ੍ਹੇ ਵਿੱਚ 71 ਫ਼ੀਸਦੀ ਔਸਤਨ ਮਤਦਾਨ ਦਰਜ ਕੀਤਾ ਗਿਆ ਸੀ ਜੋ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 6 ਫ਼ੀਸਦੀ ਦੇ ਵਾਧੇ ਨਾਲ 77 ਫ਼ੀਸਦੀ ’ਤੇ ਪੁੱਜ ਗਿਆ। ਹੁਣ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਵਿੱਚ ਹੋਰ ਵਾਧੇ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੋਟਰ ਜਾਗਰੂਕਤਾ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਮਤਦਾਨ ਵਿੱਚ ਦਿਖਾਈ ਗਈ ਦਿਲਚਸਪੀ ਤੋਂ ਉਨ੍ਹਾਂ ਨੂੰ ਪੂਰੀ ਸੰਭਾਵਨਾ ਹੈ ਕਿ ਮਤਦਾਤਾ ਇਸ ਵਾਰ ਵੀ ਪੂਰੇ ਜੋਸ਼ ਨਾਲ ਪੋਲਿੰਗ ਬੂਥਾਂ ’ਤੇ ਪੁੱਜਣਗੇ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣਨਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 592 ਚੋਣ ਬੂਥ ਸਥਾਪਿਤ ਕੀਤੇ ਗਏ ਹਨ ਜਿੱਥੇ ਮਤਦਾਨ ਲਈ ਮੁਢਲੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿਵਿਆਂਗ ਮਤਦਾਤਾ ਜਿਨ੍ਹਾਂ ਦੀ ਗਿਣਤੀ 4700 ਤੋਂ ਵਧੇਰੇ ਹੈ, ਨੂੰ ਮਤਦਾਨ ਕੇਂਦਰਾਂ ’ਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਪ੍ਰਬੰਧ ਵੀ ਕੀਤੇ ਜਾਣਗੇ।