ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਬਰਾਮਦ ਕੀਤੀ ਅਫੀਮ, ਸ਼ਰਾਬ ਨਸ਼ੀਲੇ ਪਦਾਰਥਾਂ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 18 ਮਾਰਚ:-(ਦੀਦਾਰ ਗੁਰਨਾ ) ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਨਸ਼ਿਆਂ ਵਿਰੁੱਧ ਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ 06 ਕਿਲੋ ਅਫੀਮ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ ਅਤੇ 9 ਵਿਅਕਤੀਆਂ ਪਾਸੋਂ ਨਜਾਇਜ਼ ਸ਼ਰਾਬ ਦੀਆਂ 11 ਹਜ਼ਾਰ 544 ਬੋਤਲਾਂ ਵੀ ਬਰਾਮਦ ਕੀਤੀਆਂ ਹਨ ਅਤੇ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐਸ.ਪੀ. (ਜਾਂਚ) ਸ੍ਰੀ ਹਰਪਾਲ ਸਿੰਘ, ਐਸ.ਪੀ. (ਓਪਰੇਸ਼ਨ) ਸ਼੍ਰੀ ਦਿਗਵਿਜੇ ਕਪਿਲ ਅਤੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਦੀ ਨਿਰਦੇਸ਼ਾਂ ਹੇਠ ਮੁੱਖ ਅਫਸਰ ਥਾਣਾ ਫ਼ਤਹਿਗੜ੍ਹ ਸਾਹਿਬ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ. ਗੁਰਮੀਤ ਕੁਮਾਰ ਜੋ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ, ਡਿਫੈਂਸ ਬੰਨ੍ਹ ਰੋਡ ਤੋਂ ਮਦਰਾਸੀ ਕਲੌਨੀ ਵੱਲ ਨੂੰ ਜਾ ਰਹੇ ਇੱਕ ਵਿਅਕਤੀ ਜਿਸ ਦੇ ਮੋਢੇ ਵਿੱਚ ਬੈਗ ਲਟਕਾਇਆ ਹੋਇਆ ਸੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਿੰਦਰ ਸਾਹਨੀ ਵਾਸੀ ਕੁਰਾਲ ਜ਼ਿਲ੍ਹਾ ਮਤੇਹਾਰੀ ਬਿਹਾਰ ਦੱਸਿਆ ਅਤੇ ਮੌਕੇ 'ਤੇ ਤਲਾਸ਼ੀ ਲਈ ਗਈ ਤੇ ਬੈਗ ਵਿੱਚੋਂ 06 ਕਿਲੋ ਅਫੀਮ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਵਿਰੁੱਧ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਅਤੇ ਚੋਣ ਜਾਬਤੇ ਨੂੰ ਇੰਨ ਬਿੰਨ ਲਾਗੂ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਚੈਕਿੰਗ ਕਰਨ ਦੇ ਨਾਲ ਗਸ਼ਤ ਵੀ ਕੀਤੀ ਜਾ ਰਹੀ ਹੈ ਤਾਂ ਜੋ ਭੈੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਚੈਕਿੰਗ ਦੌਰਾਨ 9 ਵਿਅਕਤੀਆਂ ਨੂੰ ਕਾਬੂ ਕਰਕੇ 962 ਪੇਟੀਆਂ(11 ਹਜ਼ਾਰ 54 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਦੇ ਥਾਣੇਦਾਰ ਗਗਨਪ੍ਰੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਬਡਾਲਾ ਚੌਂਕ 'ਤੇ ਅੰਗਰੇਜੀ ਅਤੇ ਦੇਸੀ ਸ਼ਰਾਬ ਦਾ ਨਜਾਇਜ਼ ਠੇਕਾ ਖੋਲਿਆ ਹੋਇਆ ਹੈ ਤੇ ਮੌਕੇ 'ਤੇ ਜਾ ਕੇ ਸੁਰਿੰਦਰ ਸ਼ਰਮਾ ਵਾਸੀ ਮੁਆਣਾ ਜ਼ਿਲ੍ਹਾ ਜੀਂਦ ਨੂੰ ਕਾਬੂ ਕਰਕੇ 622 ਪੇਟੀਆਂ (7464 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਗੋਬਿੰਦਗੜ੍ਹ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਜੀਵਨ ਕੁਮਾਰ ਵਾਸੀ ਖੰਨਾ ਅਤੇ ਸਤਨਾਮ ਸਿੰਘ ਵਾਸੀ ਗੋਬਿੰਦਗੜ੍ਹ ਪਾਸੋਂ 322 ਪੇਟੀਆਂ, (3864 ਬੋਤਲਾਂ ਨਜਾਇਜ਼ ਸ਼ਰਾਬ) ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਗੋਬਿੰਦਗੜ੍ਹ ਪੁਲਿਸ ਨੇ ਨਾਕੇਬੰਦੀ ਦੌਰਾਨ ਬਲਜੀਤ ਸਿੰਘ ਵਾਸੀ ਬਾਜੜਾ ਕਲੌਨੀ ਰਾਹੋਂ ਰੋਡ ਲੁਧਿਆਣਾ ਪਾਸੋਂ 18 ਪੇਟੀਆਂ (216 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਅਮਲੋਹ ਦੀ ਪੁਲਿਸ ਨੇ ਗਸ਼ਤ ਦੌਰਾਨ ਮੇਜਰ ਸਿੰਘ ਵਾਸੀ ਟੌਹੜਾ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਸ੍ਰੀਮਤੀ ਕੌਂਡਲ ਨੇ ਦੱਸਿਆ ਕਿ ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਗੁਰਮੀਤ ਸਿੰਘ ਉਰਫ ਮੀਤੂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਉਨ੍ਹਾਂ ਹੋਰ ਦੱਸਿਆ ਕਿ ਸਰਹਿੰਦ ਪੁਲਿਸ ਨੇ ਚੈਕਿੰਗ ਦੌਰਾਨ ਅਰਸ਼ਦੀਪ ਸਿੰਘ ਵਾਸੀ ਪਿੰਡ ਹਰਬੰਸਪੁਰਾ ਸਰਹਿੰਦ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਜਗਜੋਤ ਸਿੰਘ ਉਰਫ ਜੱਗਾ ਅਤੇ ਮਨਜੋਤ ਸਿੰਘ ਉਰਫ ਜੋਤ ਪਿੰਡ ਤਲਾਣੀਆਂ ਥਾਣਾ ਫ਼ਤਹਿਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।