ਨਵਾਂ ਸ਼ਹਿਰ, 20 ਮਾਰਚ,2019: ਲੋਕ ਸਭਾ ਚੋਣਾਂ ਦੇ ਲੋਕਤੰਤਰੀ ਉਤਸਵ ਦਾ ਦਿਵਿਆਂਗਾਂ ਨੂੰ ਹਿੱਸਾ ਬਣਾਉਣ ਲਈ ਆਰੰਭੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ’ਚ ਕਰਵਾਏ ਗਏ ਖੇਡ ਮੁਕਾਬਲਿਆਂ ਨੇ ਦਿਵਿਆਂਗ ਮਤਦਾਤਾਵਾਂ ਨੂੰ ਖੇਡਾਂ ’ਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮੁਹੱਈਆ ਕਰਵਾਇਆ। ਖੇਡ ਮੁਕਾਬਲੇ ’ਚ ਵੱਡੀ ਗਿਣਤੀ ’ਚ ਪੁੱਜੇ ਦਿਵਿਆਂਗ ਪੁਰਸ਼ ਤੇ ਮਹਿਲਾਵਾਂ ਨੇ ਜਿੱਥੇ ਟ੍ਰਾਈਸਾਈਕਲ ਦੌੜ, ਲੈਮਨ ਰੇਸ ਤੇ ਸਾਈਕਲ ਦੌੜ ’ਚ ਜੌਹਰ ਦਿਖਾਏ ਉੱਥੇ ਨੇਤਰਹੀਣਾਂ ਨੇ ਈ ਵੀ ਐਮ ਮਸ਼ੀਨਾਂ ’ਤੇ ਖੁਦ ਆਪਣੇ ਮਨਪਸੰਦ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਮੋਕ ਪੋਲ ਰਾਹੀਂ ਆਪਣੀ ਮਤਦਾਨ ਪ੍ਰਤੀ ਜਾਗਰੂਕਤਾ ਦਾ ਪ੍ਰਮਾਣ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ (ਜ) ਕਮ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰੀਮਤੀ ਅਨੁਪਮ ਕਲੇਰ ਅਤੇ ਐਸ ਡੀ ਐਮ ਡਾ. ਵਿਨੀਤ ਕੁਮਾਰ ਨੇ ਇਸ ਮੌਕੇ ਖੁਦ ਹਾਜ਼ਰ ਰਹਿ ਕੇ ਇਨ੍ਹਾਂ ਦਿਵਿਆਂਗ ਮਤਦਾਤਾਵਾਂ ਨੂੰ ਜਿੱਥੇ ਮਤਦਾਨ ਪ੍ਰਤੀ ਪ੍ਰੇਰਿਆ ਉੱਥੇ ਆਪਡੇ ਆਲੇ-ਦੁਆਲੇ ਦੇ ਦਿਵਿਆਂਗਾਂ ਨੂੰ ਵੀ ਜਾਗਰੂਕ ਕਰਨ ਲਈ ਆਖਿਆ।
ਉਨ੍ਹਾਂ ਇਸ ਮੌਕੇ ਜਿੱਥੇ ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੇ, ਦੂਸਰੇ ਤੇ ਤੀਸਰੇ ਸਥਾਨਾਂ ’ਤੇ ਰਹੇ ਦਿਵਿਆਂਗਾਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦਿਵਿਆਂਗਾਂ ਦੇ ਹੌਂਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜ਼ਿਲ੍ਹੇ ’ਚ ਪਹਿਲੀ ਵਾਰ ਉਲੀਕੇ ਗਏ ਇਸ ਤਰ੍ਹਾਂ ਦੇ ਸਮਾਗਮ ਨਾਲ ਜਿੱਥੇ ਇਸ ਵਰਗ ਵਿਸ਼ੇਸ਼ ਦੀ ਹੌਂਸਲਾ ਅਫ਼ਜਾਈ ਹੋਈ ਹੈ, ਉੱਥੇ ਉਨ੍ਹਾਂ ਦੇ ਅਮਦਰ ਮੌਜੂਦ ਖੇਡ ਪ੍ਰਤਿਭਾ ਨੂੰ ਬਾਹਰ ਆਉਣ ’ਚ ਵੀ ਮੱਦਦ ਮਿਲੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ ’ਚ ਜ਼ਿਲ੍ਹੇ ’ਚ ਸਵੀਪ ਗਤੀਵਿਧੀਆਂ ਤਹਿਤ ਮਤਦਾਨ ਪ੍ਰਤੀਸ਼ਤਤਾ ’ਚ ਵਾਧੇ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤਹਿਤ ਸਮਾਜ ਦੇ ਉਨ੍ਹਾਂ ਵਰਗਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਮਤਦਾਨ ਬੂਥਾਂ ਤੱਕ ਪਹੁੰਚ ਸੁਖਾਲੀ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਦਿਵਿਆਂਗ ਮਤਦਾਤਾਵਾਂ ਨੂੰ ਵੱਡੀ ਸਮੱਸਿਆ ਬੂਥ ਤੱਕ ਪੁੱਜਣ, ਵ੍ਹੀਲ ਚੇਅਰ ਰਾਹੀਂ ਅੰਦਰ ਤੱਕ ਜਾਣ ਜਾਂ ਫ਼ਿਰ ਨੇਤਰਹੀਣ ਮਤਦਾਤਾਵਾਂ ਨੂੰ ਚੋਣ ਬੂਥ ਤੱਕ ਲੈ ਕੇ ਜਾਣ ਦੀ ਹੁੰਦੀ ਹੈ। ਇਸ ਤੋਂ ਇਲਾਵਾ ਚੋਣ ਬੂਥ ’ਤੇ ਦਿਵਿਆਂਗਾਂ ਲਈ ਰੈਂਪ ਦੀ ਵੀ ਜ਼ਰੂਰਤ ਹੁੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਪਹਿਲਾਂ ਹੀ ਅਜਿਹੇ ਮਤਦਾਤਾਵਾਂ ਦੀ ਸ਼ਨਾਖ਼ਤ ਕਰ ਲਈ ਲਈ ਗਈ ਹੈ ਤਾਂ ਜੋ ਉਨ੍ਹਾਂ ਸਬੰਧਤ ਬੂਥਾਂ ’ਤੇ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 4723 ਦਿਵਿਆਂਗ ਮਤਦਾਤਾਵਾਂ ਦੀ ਸ਼ਨਾਖ਼ਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਮਤਦਾਤਾਵਾਂ ਲਈ ਚੋਣ ਕਮਿਸ਼ਨ ਵੱਲੋਂ ਪੀ ਡਬਲਯੂ ਡੀ ਮੋਬਾਈਲ ਐਪ ਵੀ ਤਿਆਰ ਕਰਵਾਈ ਗਈ ਹੈ ਜਿਸ ਰਾਹੀਂ ਦਿਵਿਆਂਗ ਮਤਦਾਤਾਵਾਂ ਨੂੰ ਹਰ ਕਿਸਮ ਦੀ ਜਾਣਕਾਰੀ ਮਿਲ ਸਕਦੀ ਹੈ।
ਇਸ ਮੌਕੇ ਟ੍ਰਾਈਸਾਈਕਲ ਦੌੜ ’ਚ ਚੰਚਲ ਸਿੰਘ ਚੰਦਿਆਣੀ ਖੁਰਦ ਨੇ ਪਹਿਲਾ, ਅਮਰਜੀਤ ਬੰਗੜ ਕਿਸ਼ਨਪੁਰਾ ਨੇ ਦੂਸਰਾ ਅਤੇ ਹਰੀ ਰਾਮ ਘਟਾਰੋਂ ਨੇ ਤੀਸਰਾ ਸਥਾਨ ਹਾਸਲ ਕੀਤਾ। ਮਹਿਲਾਵਾਂ ਦੇ ਵਰਗ ’ਚ ਕੁਲਵੰਤ ਕੌਰ ਮਹਾਲੋਂ ਨੇ ਪਹਿਲਾ ਤੇ ਰੂਪਾ ਮਹਾਲੋਂ ਨੇ ਦੂਸਰਾ ਸਥਾਨ ਹਾਸਲ ਕੀਤਾ। ਲੈਮਨ ਰੇਸ ਮਹਿਲਾਵਾਂ ’ਚ ਜਸਵੀਰ ਕੌਰ ਸੂਰਾਪੁਰ, ਭੁਪਿੰਦਰ ਕੌਰ ਸਲੋਹ ਅਤੇ ਕਮਲਾ ਦੇਵੀ ਔੜ ਨੇ ਕਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੇ ਵਰਗਾਂ ’ਚ ਕੁਲਦੀਪ ਸਿੰਘ ਲੰਗੜੋਆ ਨੇ ਪਹਿਲਾ, ਸੋਮਨਾਥ ਸੰਡਰੇਵਾਲ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਰੱਕੜਾਂ ਢਾਹਾ ਨੇ ਤੀਸਰਾ ਸਥਾਨ ਹਾਸਲ ਕੀਤਾ।