ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ
ਫਤਹਿਗੜ੍ਹ ਸਾਹਿਬ , 21 ਮਾਰਚ:(ਦੀਦਾਰ ਗੁਰਨਾ ) ਧਰਤੀ ਦਾ ਪ੍ਰਦੂਸ਼ਣ ਜਿਸ ਤਰਾਂ ਵਧ ਰਿਹਾ ਹੈ ਉਸ ਨੂੰ ਵੇਖਦੇ ਹੋਏ ਇਹ ਆਖਿਆ ਜਾ ਸਕਦਾ ਹੈ ਕਿ ਅਗਲੇ ਦਹਾਕੇ ਪਿੱਛੋਂ ਪੀਣ ਲਈ ਸਾਫ਼ ਪਾਣੀ ਅਤੇ ਸਾਹ ਲੈਣ ਲਈ ਸਾਫ਼ ਹਵਾ ਦਾ ਮਿਲਣਾ ਮੁਸ਼ਕਿਲ ਹੋ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕੀਤਾ ! ਉਹਨਾਂ ਅੱਗੇ ਕਿਹਾ ਕਿ ਕੁਦਰਤ ਦੇ ਅਨਮੋਲ ਭੰਡਾਰੇ ਤਾਂ ਸਾਰਿਆਂ ਲਈ ਸਾਂਝੇ ਹੁੰਦੇ ਹਨ,ਪਸ਼ੂ, ਪੰਛੀ, ਜਲਚਰ ਜੀਵ ਤੇ ਬਨਸਪਤੀ ਇਹ ਸਾਰਾ ਕੁਝ ਤਾਂ ਧਰਤੀ ਦੇ ਕੁਦਰਤੀ ਸ਼ਿੰਗਾਰ ਹਨ। ਕੁਦਰਤ ਨਾਲੋਂ ਟੁਟਣ ਨਾਲ ਹੀ ਭੁਚਾਲ, ਭਿਆਨਕ ਹੜ੍ਹ ਅਤੇ ਸੁਨਾਮੀ ਦੀ ਲਪੇਟ 'ਚ ਆ ਕੇ ਹਜਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਬੀਤੇ ਸਾਲਾਂ ਦੌਰਾਨ ਜਪਾਨ,ਨਿਪਾਲ ਅਤੇ ਭਾਰਤ ਦੇ ਉਤਰਾਖੰਡ 'ਚ ਆਈ ਭਾਰੀ ਤਬਾਹੀ ਕੁਦਰਤ ਨਾਲ ਛੇੜਛਾੜ ਦਾ ਹੀ ਨਤੀਜਾ ਹੈ। ਕੁਦਰਤੀ ਤਬਾਹੀਆਂ ਨਾਲ ਸ਼ਹਿਰਾਂ ਦੇ ਸ਼ਹਿਰ ਖਤਮ ਹੋ ਜਾਂਦੇ ਹਨ।ਇਹ ਸਾਰਾ ਕੁਝ ਮਨੁੱਖ ਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹੀ ਨਤੀਜਾ ਹਨ।
ਉਹਨਾਂ ਸਭ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਧਰਤੀ ਦੀ ਹਰਿਆਵਲ ਬਰਕਰਾਰ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ,ਆਓ ਆਪਾਂ ਸਾਰੇ ਮਿਲਕੇ ਆਪਣੇ ਖੁਸ਼ੀਆਂ ਦੇ ਮੌਕੇ ਤੇ ਰੁੱਖ ਲਗਾਈਏ ਅਤੇ ਆਪਣੀ ਧਰਤੀ ਮਾਂ ਨੂੰ ਹਰਿਆ ਭਰਿਆ ਬਣਾਈਏ , ਤਾ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।