ਨਵਾਂ ਸ਼ਹਿਰ, 22 ਮਾਰਚ,2019 : ਐਸ ਡੀ ਐਮ ਬਲਾਚੌਰ ਜਸਵੀਰ ਸਿੰਘ ਵੱਲੋਂ ਜ਼ਿਲ੍ਹੇ ਦੇ ਦਿਵਿਆਂਗ ਮਤਦਾਤਾਵਾਂ ਦਾ ਲੋਕ ਸਭਾ ਚੋਣ ਦੌਰਾਨ 100 ਫ਼ੀਸਦੀ ਮਤਦਾਨ ਯਕੀਨੀ ਬਣਾਉਣ ਲਈ ਅੱਜ ਨੋਡਲ ਅਫ਼ਸਰਾਂ ਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਅਜਿਹੇ ਮਤਦਾਤਾਵਾਂ ਲਈ ਹਰੇਕ ਚੋਣ ’ਤੇ ਲੋੜੀਂਦੀਆਂ ਘੱਟੋ ਘੱਟ ਸੁਵਿਧਾਵਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ।
ਐਸ.ਡੀ.ਐਮ.ਬਲਾਚੌਰ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਸੁਵਿਧਾ ਕੇਂਦਰ ਨਵਾਂਸ਼ਹਿਰ ਵਿਖੇ ਹੋਈ ਇਸ ਮੀਟਿੰਗ ’ਚ ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਹਰੀਸ਼ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਦੀ ਅਗਵਾਈ ’ਚ ਜ਼ਿਲ੍ਹੇ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ 4723 ਦਿਵਿਆਂਗ ਮਤਦਾਵਾਤਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਬਾਅਦ ਹੁਣ ਅਗਲਾ ਜ਼ਰੂਰੀ ਕੰਮ ਇਨ੍ਹਾਂ ਦਿਵਿਆਂਗ ਮਤਦਾਤਾਵਾਂ ਨੂੰ ਸਹਾਇਤਾ ਦੇ ਕੇ ਚੋਣ ਬੂਥਾਂ ਤੱਕ ਲੈ ਕੇ ਆਉਣ ਦਾ ਹੈ, ਜਿਸ ਲਈ ਸਮੂਹ ਨੋਡਲ ਅਫ਼ਸਰ ਆਪੋ ਆਪਣੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਤਾਲਮੇਲ ਕਰਕੇ ਰੱਖਣ। ਉਨ੍ਹਾਂ ਦੱਸਿਆ ਕਿ ਇ੍ਹਨ੍ਹਾਂ ਨੋਡਲ ਅਫ਼ਸਰਾਂ ’ਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸਹਾਇਕ ਸਿਵਲ ਸਰਜਨ ਸ਼ਾਮਿਲ ਹਨ।
ਚੋਣ ਤਹਿਸਲੀਦਾਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਦਿਵਿਆਂਗ ਮਤਦਾਤਾਵਾਂ ’ਚੋਂ ਉਹ ਮਤਦਾਤਾ ਜਿਨ੍ਹਾਂ ਨੂੰ ਚੋਣ ਬੂਥ ਤੱਕ ਪੁੱਜਣ ਲਈ ਸਹਾਇਤਾ ਦੀ ਲੋੜ ਹੈ, ਉਸ ਲਈ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ), ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਅਤੇ ਮੋਟਰ ਵਹੀਕਲ੍ਹ ਇੰਸਪੈਕਟਰ ਆਰ.ਟੀ.ਏ. ਹੁਸ਼ਿਆਰਪੁਰ, ਜ਼ਿਲ੍ਹਾ ਉਦਯੋਗ ਕੇਦਰ ਦੇ ਜੀ.ਐਮ. ਨਾਲ ਤਾਲਮੇਲ ਕਰਕੇ ਸੀ.ਐਸ.ਆਰ. ਤਹਿਤ ਸ਼ਟਲ ਸੇਵਾ ਦਾ ਪ੍ਰਬੰਧ ਕਰਨਗੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਬਲਾਚੌਰ ਜਸਵੀਰ ਸਿੰਘ ਨੇ ਦਿਵਿਆਂਗਾਂ ਲਈ ਲਾਏ ਹੋਏ ਸਮੂਹ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਭ ਤੋਂ ਪਹਿਲਾਂ ਕੰਮ ਇਨ੍ਹਾਂ ਸ਼ਨਾਖ਼ਤ ਕੀਤੇ ਹੋਏ ਇਨ੍ਹਾਂ ਮਤਦਾਤਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ 100 ਫ਼ੀਸਦੀ ਮਤਦਾਨ ਪ੍ਰਤੀ ਪੇ੍ਰਰਿਤ ਕਰਨ ਅਤੇ ਜੇਕਰ ਉਨ੍ਹਾਂ ਦੀ ਮਤਦਾਨ ਕੇਂਦਰ ਤਕ ਆਉਣ ਪ੍ਰਤੀ ਕੋਈ ਮੁਸ਼ਕਿਲ ਹੈ ਤਾਂ ਉਸ ਨੂੰ ਆਪਣੇ ਪੱਧਰ ’ਤੇ ਦੂਰ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਇਸ ਉਤਸਵ ਦੌਰਾਨ ਹਰ ਇੱਕ ਵਰਗ ਦੀ ਵੋਟ ਲਾਜ਼ਮੀਂ ਹੈ ਅਤੇ ਸਾਨੂੰ ਹਰ ਇੱਕ ਵੋਟਰ ਨੂੰ ਮਤਦਾਨ ਪ੍ਰਤੀ ਪ੍ਰੇਰਿਤ ਕਰਨ ਦੀ ਜ਼ਿੰਮੇਂਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਚੋਣ ਕਾਨੂਗੋ ਦੀਪਕ ਕੁਮਾਰ ਤੇ ਵਿਵਕੇ ਮੋਇਲਾ, ਦਿਵਿਆਂਗਾਂ ਦੇ ਪ੍ਰਤੀਨਿਧ ਕਸ਼ਮੀਰ ਸਿੰਘ ਸਨਾਵਾ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਤੋਂ ਜੇ.ਐਸ. ਗਿੱਧਾ ਅਤੇ ਸਿਹਤ ਵਿਭਾਗ ਤੋਂ ਡਾ. ਦਵਿੰਦਰ ਢਾਂਡਾ ਵੀ ਮੌਜੂਦ ਸਨ।