ਬੰਗਾ, 23 ਮਾਰਚ 2019: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਭਰ ਜੁਆਨ ਉਮਰੇ ਦੇਸ਼ ਦੀ ਅਣਖ ਦੀ ਰਾਖੀ ਲਈ ਦਿੱਤੀ ਕੁਰਬਾਨੀ ਲਾਸਾਨੀ ਹੈ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਫ਼ਨਿਆਂ ਦੇ ਭਾਰਤ ਨੂੰ ਸਿਰਜਣ ਲਈ ਦਿ੍ਰੜ-ਸੰਕਲਪ ਹੋਣਾ ਲਾਜ਼ਮੀ ਹੈ ਤਾਂ ਹੀ ਅਸੀਂ ਉਨ੍ਹਾਂ ਦੇ ਬਰਾਬਰਤਾ ਦੇ ਉਦੇਸ਼ ਨੂੰ ਸਹੀ ਅਰਥਾਂ ’ਚ ਅਮਲੀ ਰੂਪ ਦੇ ਸਕਦੇ ਹਾਂ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨ੍ਹਾ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਸ਼ਰਧਾ ਸੁਮਨ ਭੇਟ ਕਰਨ ਬਾਅਦ, ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਪਰ ਸਾਦਾ ਸਮਾਗਮ ’ਚ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਿਸ ਦਿ੍ਰੜ ਨਿਸ਼ਚੇ ਨੂੰ ਲੈ ਕੇ ਤੁਰੇ ਸਨ, ਉਸ ਦੇ ਨਤੀਜੇ ਦਾ ਅੰਦੇਸ਼ਾ ਉਨ੍ਹਾਂ ਨੂੰ ਪਹਿਲਾਂ ਤੋਂ ਸੀ ਪਰ ਤਾਂ ਵੀ ਦੇਸ਼ ਦੀ ਸੇਵਾ ਕਰਨ ਲਈ ਉਹ ਤਲਵਾਰ ਦੀ ਧਾਰ ’ਤੇ ਚੱਲੇ। ਉਨ੍ਹਾਂ ਦਾ ਤਿਆਗ ਅਤੇ ਬਹਾਦਰੀ ਇਸ ਗੱਲ ਦਾ ਪ੍ਰਤੀਕ ਸੀ ਕਿ ਦੇਸ਼ ਵਾਸੀਆਂ ਦੀ ਆਜ਼ਾਦੀ ਉਨ੍ਹਾਂ ਲਈ ਪਰਿਵਾਰ ਅਤੇ ਸਾਕ-ਸਬੰਧੀਆਂ ਤੋਂ ਵੀ ਉੱਪਰ ਸੀ।
ਉਨ੍ਹਾਂ ਆਖਿਆ ਕਿ ਸਾਡਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਦੇਸ਼ ਦੇ ਇਨ੍ਹਾਂ ਮਹਾਨ ਸੂਰਮਿਆਂ ਵੱਲੋਂ ਲਿਖੀ ਲਹੂ-ਭਿੱਜੀ ਗਾਥਾ ਨੂੰ ਕੇਵਲ ਇੱਕ ਦਿਨ ਦੇ ਰੂਪ ’ਚ ਮਨਾ ਕੇ ਸੁਰਖੁਰੂ ਹੋਣ ਦੀ ਬਜਾਏ ਤਾ-ਉਮਰ ਆਪਣਾ ਆਦਰਸ਼ ਬਣਾ ਕੇ ਰੱਖੀਏ ਅਤੇ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਦੇਸ਼ ਦੀ ਸੇਵਾ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਜਿਸ ਵੀ ਅਹੁਦੇ ’ਤੇ ਹੋਈਏ, ਸਾਨੂੰ ਪਹਿਲ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਂਵਾਰੀ ਨੂੰ ਦੇਣੀ ਚਾਹੀਦੀ ਹੈ। ਸਾਨੂੰ ਸਮਾਜ ਦੇ ਉਨ੍ਹਾਂ ਲੋਕਾਂ ਜਿਨ੍ਹਾਂ ਨੂੰ ਹਾਲਾਂ ਵੀ ਬਹੁਤ ਸਾਰੀਆਂ ਸੁਵਿਧਾਵਾਂ ਜਾਂ ਜ਼ਰੂਰਤਾਂ ਦੀ ਦਰਕਾਰ ਹੈ, ਨੂੰ ਉਨ੍ਹਾਂ ਦੇ ਬਣਦੇ ਹੱਕ ਦੇ ਕੇ, ਉਨ੍ਹਾਂ ਨੂੰ ਸਮਾਜ ’ਚ ਬਰਾਬਰਤਾ ਦਾ ਦਰਜਾ ਦਿਵਾਉਣ ਲਈ ਯਤਨ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੀ ਨਹੀਂ ਬਲਕਿ ਹਰ ਉਸ ਦੇਸ਼ ਵਾਸੀ ਲਈ ਮੱਕਾ ਹੈ, ਜਿਸ ਦੇ ਦਿਲ ’ਚ ਆਪਣੇ ਆਜ਼ਾਦੀ ਘੁਲਾਟੀਆਂ ਪ੍ਰਤੀ ਸਤਿਕਾਰ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰਦੇ ਹਨ ਕਿ ਕਰਤਾਰਪੁਰ ਵਿਖੇ ਦੇਸ਼ ਦੀ ਪਹਿਲੀ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਦਾ ਕਾਰਜ ਉਨ੍ਹਾਂ ਦੇ ਹਿੱਸੇ ਆਇਆ। ਉਸ ਤੋਂ ਬਾਅਦ ਖਟਕੜ ਕਲਾਂ ਜਿਹੀ ਮਹਾਨ ਧਰਤੀ ਨਾਲ ਸਬੰਧਤ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀ ਸੇਵਾ ਮਿਲਣ ਨੂੰ ਉਹ ਦੂਸਰੀ ਆਪਣੀ ਵੱਡੀ ਪ੍ਰਾਪਤੀ ਮੰਨਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸ਼ਹੀਦਾਂ ਦੀ ਸੋਚ ’ਤੇ ਚਲਦੇ ਰਹਿਣ ਦਾ ਯਤਨ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣ ਨੂੰ ਹਮੇਸ਼ਾਂ ਪਹਿਲ ਦੇਣਗੇ।
ਇਸ ਮੌਕੇ ਕੈਨੇਡਾ ਤੋਂ ਆਏ ਡਾ. ਸੋਹਣ ਸਿੰਘ ਪਰਮਾਰ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਮਾਤਾ ਪੰਜਾਬ ਮਾਤਾ ਵਿਦਿਆਵਤੀ ਅਤੇ ਭੈਣ ਅਮਰ ਕੌਰ ਨਾਲ 1971 ’ਚ ਮਾਤਾ ਵਿਦਿਆਵਤੀ ਦੇ ਪੀ ਜੀ ਆਈ ਇਲਾਜ ਦੌਰਾਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਭੈਣ ਅਮਰ ਕੌਰ ਤੋਂ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਬਤ ਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਦੀ ਬੇਟੀ ਅਨੁਸ਼ਪਿ੍ਰਆ ਅਤੇ ਉਨ੍ਹਾਂ ਦੇ ਪਤੀ ਪ੍ਰਭਦੀਪ ਸਿੰਘ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ, ਨੂੰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਦੋਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ, ਸ਼ਹੀਦ ੳੂਧਮ ਸਿੰਘ ਸਕੂਲ ਕੰਗਰੋੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਢਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੰਗਾ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਭਾਸ਼ਨ ਰਾਹੀਂ ਸ਼ਹੀਦ-ਏ-ਆਜ਼ਮ ਦੀ ਜ਼ਿੰਦਗੀ ਦਾ ਬਿਰਤਾਂਤ ਤੇ ਕਵੀਸ਼ਰੀ ਪੇਸ਼ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਬੰਗਾ ਦੀਪ ਸ਼ਿਖਾ ਸ਼ਰਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ਼ਿਵ ਕੁਮਾਰ, ਤਹਿਸੀਲਦਾਰ ਬੰਗਾ ਕੰਵਰ ਨਰਿੰਦਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਅਰਵਿੰਦ ਪ੍ਰਕਾਸ਼ ਵਰਮਾ, ਡੀ ਈ ਓ ਸੈਕੰਡਰੀ ਤੇ ਪ੍ਰਾਇਮਰੀ ਹਰਚਰਨ ਸਿੰਘ ਤੇ ਕੋਮਲ ਚੋਪੜਾ, ਈ ਓ ਬੰਗਾ ਰਾਜੀਵ ਉਬਰਾਏ, ਡੀ ਆਰ ਸਹਿਕਾਰੀ ਸਭਾਵਾਂ ਮੋਹਨ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।