ਐਸ.ਏ.ਐਸ. ਨਗਰ, 12 ਅਪ੍ਰੈਲ 2019: ਚੋਣ ਪ੍ਰੀਕਿਰਿਆ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰ. 6 ਭਰਨ ਵਾਸਤੇ ਜ਼ਿਲ੍ਹੇ ਦੇ ਐਸ.ਡੀ.ਐਮ. ਦਫਤਰਾਂ, ਬੀ.ਡੀ.ਪੀ.ਓ. ਦਫਤਰਾਂ, ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਵਿੱਚ 16 ਤੋਂ 18 ਅਪ੍ਰੈਲ ਤੱਕ ਵਿਸ਼ੇਸ਼ ਕੈਂਪ ਲਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ ਵਧੀਕ ਜ਼ਿਲ੍ਹਾ ਚੋਣ ਅਫਸਰ ਐਸ.ਏ.ਐਸ. ਨਗਰ ਸਾਕਸ਼ੀ ਸਾਹਨੀ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ ਲਈ ਆਉਣ ਵਾਲੇ ਲੋਕਾਂ ਲਈ ਐਨ.ਵੀ.ਐਸ.ਪੀ. ਪੋਰਟਲ ਤੇ ਬਿਨੈ ਕਰਨ ਸਬੰਧੀ ਡੇਟਾ ਅਪਰੇਟਰ ਮੌਕੇ 'ਤੇ ਮੌਜੂਦ ਰਹਿਣਗੇ।
ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਚੋਣਾਂ ਨਾਲ ਸਬੰਧਤ ਕੰਮ ਨੂੰ ਸੁਖਾਲਾ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਕਈ ਮੋਬਾਇਲ ਐਪ, ਵੈੱਬਸਾਈਟ ਅਤੇ ਹੈਲਪ ਲਾਈਨ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਤਹਿਤ ਸ਼ੁਰੂ ਕੀਤਾ ਗਿਆ www.nvsp.in ઠਪੋਰਟਲ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਂ ਲੱਭਣ, ਆਨਲਾਈਨ ਫਾਰਮ ਜਮ੍ਹਾਂ ਕਰਵਾਉਣ, ਅਰਜ਼ੀ ਦਾ ਸਟੇਟਸ ਚੈੱਕ ਕਰਨ, ਮੋਬਾਇਲ ਐਪ ਉਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਜਵਾਬ ਹਾਸਲ ਕਰਨ ਦੇ ਨਾਲ-ਨਾਲ ਬੂਥ ਲੈਵਲ ਅਧਿਕਾਰੀਆਂ, ਚੋਣ ਰਜਿਸਟਰੇਸ਼ਨ ਅਧਿਕਾਰੀਆਂ ਅਤੇ ਜ਼ਿਲ੍ਹਾ ਚੋਣ ਅਫਸਰਾਂ ਨਾਲ ਸੰਪਰਕ ਕਰਨ ਸਬੰਧੀ ਵੇਰਵੇ ਹਾਸਲ ਕਰਨ ਦੀ ਸਹੂਲਤ ਦਿੰਦਾ ਹੈ।
ਇਹ ਸਾਰੀ ਜਾਣਕਾਰੀ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ 1950 ਹੈਲਪਲਾਈਨ ਨੰਬਰ 'ਤੇ ਕਾਲ ਕਰ ਕੇ ਵੀ ਹਾਸਲ ਕੀਤੀ ਜਾ ਸਕਦੀ ਹੈ। 1950 ਹੈਲਪਲਾਈਨ ਨੰਬਰ ਉਤੇ ਐਸ.ਐਮ.ਐਸ. ਭੇਜ ਕੇ ਵੀ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਦਿਵਿਆਂਗ ਵੋਟਰਾਂ (ਪਰਸਨਜ਼ ਵਿਦ ਡਿਬਏਬਿਲਟੀ) ਦੀ ਸਹੂਲਤ ਲਈ ਪੀ.ਡਬਲਿਊ.ਡੀ. ਐਪ ਵੀ ਸ਼ੁਰੂ ਕੀਤੀ ਗਈ ਹੈ। ਇਹ ਐਪ ਪਰਸਨਜ਼ ਵਿਦ ਡਿਬਏਬਿਲਟੀ ਲਈ ਨਵੀਂ ਰਜਿਸਟਰੇਸ਼ਨ ਵਾਸਤੇ ਬੇਨਤੀ ਕਰਨ, ਪਤੇ ਵਿੱਚ ਤਬਦੀਲੀ, ਵੇਰਵੇ ਵਿੱਚ ਤਬਦੀਲੀ ਅਤੇ ਆਪਣੇ ਆਪ ਨੂੰ ਪੀ.ਡਬਲਿਊ.ਡੀ. ਵਜੋਂ ਮਾਰਕ ਕਰਨ ਦੀਆਂ ਸਹੂਲਤਾਂ ਵੀ ਦਿੰਦੀ ਹੈ। ਏ.ਡੀ.ਸੀ. ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਜਮਹੂਰੀਅਤ ਦੀ ਮਜ਼ਬੂਤੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਅਪੀਲ ਕੀਤੀ।