ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਭਾਸ਼ ਸੂਦ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੁੰਦੇ ਪਿੰਡ ਬਰਾਸ ਦੀ ਸਰਪੰਚ ਰਜਨੀ ਸੂਦ ਸਮੇਤ ਸਮੂਹ ਪੰਚਾਇਤ ਮੈਂਬਰ।
ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ (ਦੀਦਾਰ ਗੁਰਨਾ ) ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਰਾਸ ਦੀ ਸਮੁੱਚੀ ਪੰਚਾਇਤ ਨੇ ਸ਼੍ਰੋਮਣੀ ਅਕਾਲੀ ਦੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਿੰਡ ਦੀ ਸਰਪੰਚ ਰਜਨੀ ਸੂਦ ਸਮੇਤ ਸਮੂਹ ਪੰਚਾਇਤ ਮੈਂਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਭਾਸ਼ ਸੂਦ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।
ਇਸ ਮੌਕੇ ਸ਼੍ਰੀ ਸੁਭਾਸ਼ ਸੂਦ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਦੋ ਸਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਅਤੇ ਪੂਰੇ ਕੀਤੇ ਵਾਅਦਿਆਂ ਅਤੇ ਪਾਰਟੀ ਵਿੱਚ ਵਰਕਰਾਂ ਨੂੰ ਦਿੱਤੇ ਜਾਂਦੇ ਮਾਣ ਸਨਮਾਨ ਸਦਕਾ ਸਰਪੰਚ ਰਜਨੀ ਸੂਦ ਸਮੇਤ ਸਮੂਹ ਪੰਚਾਇਤ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਵਰਕਰ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਵੀ ਪੂਰਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਦੋਂ ਪੰਜਾਬ ਵਿੱਚ ਹੋਂਦ ਵਿੰਚ ਆਈ ਤਾਂ ਉਸ ਨੂੰ ਬਹੁਤ ਵੱਡੇ ਮਾਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੂਝਬੂਝ ਸਦਕਾ ਜਿੱਥੇ ਪੰਜਾਬ ਦੀ ਮਾਲੀ ਹਾਲਤ ਬਿਹਤਰ ਹੋ ਰਹੀ ਹੈ ਉਥੇ ਕੀਤੇ ਗਏ ਵਾਅਦੇ ਵੀ ਲਗਾਤਾਰ ਪੂਰੇ ਕੀਤੇ ਗਏ ਹਨ। ਇਸ ਸਦਕਾ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚਖ ਵੀ ਵੱਡੀ ਸਫ਼ਲਤਾ ਹਾਸਲ ਹੋਵੇਗੀ।
ਇਸ ਮੌਕੇ ਸਰਪੰਚ ਰਜਨੀ ਸੂਦ ਸਮੇਤ ਸਮੂਹ ਮੈਂਬਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਤੇ ਖਾਸਕਰ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਵੱਲੋਂ ਦਿਨ ਰਾਤ ਇੱਕ ਕਰ ਕੇ ਹਲਕੇ ਲਈ ਕੀਤੇ ਗਏ ਕਾਰਜਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜਿੰਨਾ ਕੰਮ ਵਿਧਾਇਕ ਨਾਗਰਾ ਨੇ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਕੀਤਾ ਹੈ , ਓਨਾ ਹੋਰ ਕਿਸੇ ਆਗੂ ਲਈ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਲਈ ਡੱਟ ਕੇ ਪ੍ਰਚਾਰ ਕਰਨਗੇ ਤੇ ਉਨ੍ਹਾਂ ਦੀ ਜਿੱਤ ਯਕੀਨੀ ਬਨਾਉਣਗੇ। ਇਸ ਦੌਰਾਨ ਪੰਚਾਇਤ ਮੈਂਬਰ ਸੀਮਾ ਰਾਣੀ, ਪਰਮਜੀਤ ਕੌਰ, ਗੁਰਮੀਤ ਸਿੰਘ, ਰਣਜੀਤ ਸੂਦ, ਦਰਸ਼ਨ ਕੌਰ, ਨਿਰਮਲ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ, ਮਨਦੀਪ ਕੌਰ ਆਦਿ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਬੀਰ ਸਿੰਘ ਭਗੜਾਣਾ, ਬਲਾਕ ਪ੍ਰਧਾਨ ਡਾ.ਬਲਰਾਮ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਕੰਗ ਤੇ ਮੇਵਾ ਸਿੰਘ,ਖਵਿੰਦਰ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਬਲਾਕ ਸੰਮਤੀ ਮੈਂਬਰ ਹਰਦੀਪ ਸਿੰਘ ਤਿੰਬਰਪੁਰ, ਸੁਖਵੀਰ ਸਿੰਘ, ਭੁਪਿੰਦਰ ਸਿੰਘ, ਸੱਜਣ ਸਿੰਘ ਭਗੜਾਣਾ,ਪਾਲ ਸਿੰਘ,ਦਿਆਲ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ ਸਿੱਧੜਾ ਆਦਿ ਹਾਜ਼ਰ ਸਨ।