ਮਾਨਸਾ 13 ਅਪ੍ਰੈਲ 2019 (ਮਿੱਤਰ ਸੈਨ ਸ਼ਰਮਾ) ਜ਼ਿਲ੍ਹਾ ਮਾਨਸਾ ਦੇ ਪਿੰਡ ਦਾਤੇਵਾਸ ਵਿਖੇ ਪੰਚਾਇਤੀ ਜ਼ਮੀਨ ਹੜੱਪਣ ਅਤੇ ਉਸ ਦੀ ਮੱਦਦ ਕਰਨ ਵਾਲਿਆਂ ਦੇ ਖਿਲਾਫ਼ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਵੱਲੋਂ ਬੀ.ਡੀ.ਪੀ.ਓ. ਸਰਕਲ ਬੁਢਲਾਡਾ ਦੀ ਸ਼ਿਕਾਇਤ 'ਤੇ ਸਾਬਕਾ ਵਿਧਾਇਕ ਦੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ਼ ਵੱਖ–ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਚੱਕਬੰਦੀ ਐਂਡ ਰਿਹੈਬੀਲੇਸ਼ਨ ਵਿਭਾਗ ਵੱਲੋਂ ਸਾਲ 1996 'ਚ ਪੰਚਾਇਤੀ ਜਮੀਨ ਸਬੰਧੀ ਫ਼ੈਸਲਾ ਗੁਰਦੇਵ ਸਿੰਘ ਵਾਸੀ ਪਿੰਡ ਦਾਤੇਵਾਸ ਦੇ ਹੱਕ 'ਚ ਕਰ ਦਿੱਤਾ ਗਿਆ ਸੀ। ਇਸ ਉਪਰੰਤ ਕਰੀਬ 10 ਸਾਲ ਬਾਅਦ ਉਕਤ ਵਿਅਕਤੀ ਵਲੋਂ ਮਾਲ ਵਿਭਾਗ 'ਚ ਇੰਤਕਾਲ ਨੰ: 4403 ਦਰਜ ਕਰਵਾ ਲਿਆ ਗਿਆ। ਇਸ ਸਬੰਧੀ ਗ੍ਰਾਮ ਪੰਚਾਇਤ ਪਿੰਡ ਦਾਤੇਵਾਸ ਵੱਲੋਂ ਸਾਲ 2006 'ਚ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਪਰ ਤੱਤਕਾਲੀਨ ਸਰਪੰਚ ਕਰਨੈਲ ਸਿੰਘ ਵੱਲੋਂ 9–11–2011 ਨੂੰ ਬਿਨਾ ਵਜ੍ਹਾ ਇਸ ਕੇਸ ਨੂੰ ਵਾਪਿਸ ਲੈਣ ਲਈ ਹਾਈ ਕੋਰਟ ਵਿਖੇ ਇੱਕ ਅਰਜੀ ਦਾਇਰ ਕੀਤੀ ਗਈ, ਜੋ ਅਰਜੀ ਦੇ ਆਧਾਰ 'ਤੇ ਉਕਤ ਰਿੱਟ ਵਾਪਿਸ ਲੈ ਲਈ ਗਈ। ਪਰ ਹਾਈ ਕੋਰਟ ਵੱਲੋਂ ਮਿਲੀਭੁਗਤ ਦਾ ਸ਼ੱਕ ਪ੍ਰਗਟਾਉਂਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਸ ਮਾਮਲੇ ਦੀ ਜਾਂਚ–ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਉਪਰੰਤ ਉਕਤ ਕੇਸ ਨੂੰ ਮੁੜ ਚਾਲੂ ਕਰਵਾਉਣ ਲਈ ਦਫ਼ਤਰ ਵੱਲੋਂ ਨਵੀਂ ਬਣੀ ਪੰਚਾਇਤ ਨੂੰ ਪ੍ਰੇਰਿਤ ਕਰਕੇ ਕਾਰਵਾਈ ਕਰਵਾਈ ਗਈ, ਜਿਸ 'ਤੇ ਪੰਚਾਇਤ ਨੇ 28–2–2014 ਨੂੰ ਇਸ ਮਾਮਲੇ ਦੀ ਪੈਰਵੀ ਕਰਨ ਲਈ ਪੰਚ ਬਿਕਰਮਜੀਤ ਸਿੰਘ ਨੂੰ ਅਧਿਕਾਰ ਦੇ ਦਿੱਤੇ ਗਏ ਪਰ ਇਸ ਪੰਚ ਨੇ ਗ੍ਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਨਾਲ ਇਸ ਕੇਸ ਦੀ ਕੋਈ ਪੈਰਵੀ ਨਹੀਂ ਕੀਤੀ। ਜਿਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਦੀ ਪੜਤਾਲੀਆ ਰਿਪੋਰਟ ਅਨੁਸਾਰ ਗੁਰਦੇਵ ਸਿੰਘ ਪੁੱਤਰ ਹਰੀ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਪਿੰਡ ਦਾਤੇਵਾਸ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਬੰਤ ਸਿੰਘ ਦਾਤੇਵਾਸ ਸਾਬਕਾ ਵਿਧਾਇਕ ਵਾਸੀਆਨ ਪਿੰਡ ਦਾਤੇਵਾਸ ਨੂੰ ਦੋਸ਼ੀ ਪਾਇਆ ਗਿਆ। ਇਹ ਪੜਤਾਲੀਆ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੇਸ਼ ਕੀਤਾ ਗਿਆ। ਇਸ ਉਪਰੰਤ ਜੋ ਰਿੱਟ ਪਟੀਸ਼ਨ ਦੋਸ਼ੀਆਂ ਦੀ ਮਿਲੀ ਭੁਗਤ ਨਾਲ ਅਦਾਲਤ 'ਚੋਂ ਵਾਪਿਸ ਲਈ ਗਈ ਸੀ, ਉਸ ਉੱਪਰ ਮਾਣਯੋਗ ਹਾਈ ਕੋਰਟ 'ਚ ਕਾਰਵਾਈ ਮੁੜ ਆਰੰਭੀ ਗਈ ਹੈ ਅਤੇ ਉਕਤ ਮਸਲੇ 'ਤੇ ਕਾਨੂੰਨੀ ਰਾਇ ਅਨੁਸਾਰ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਬੀ.ਡੀ.ਪੀ.ਓ. ਸਰਕਲ ਬੁਢਲਾਡਾ ਦੀ ਸ਼ਿਕਾਇਤ 'ਤੇ ਉਕਤ ਤਿੰਨਾਂ ਵਿਅਕਤੀਆਂ ਦੇ ਖਿਲਾਫ਼ ਧਾਰਾ 420,210,209,191,193,199 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।