ਰਾਜਪੁਰਾ 14 ਅਪ੍ਰੈਲ ,2019 : ਰਾਮਗੜ੍ਹੀਆ ਸਭਾ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ| ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ, ਭਾਈ ਅਜੀਤ ਸਿੰਘ ਤੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ| ਅਖੰਡ ਪਾਠ ਦੀ ਸੇਵਾ ਕਰਨ ਵਾਲੇ ਢੀਂਡਸਾ ਟਰਾਂਸਪੋਰਟ ਦੇ ਐੱਮ.ਡੀ. ਬਲਵਿੰਦਰ ਸਿੰਘ ਢੀਂਡਸਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਗੁਰੂਦੁਆਰਾ ਸਾਹਿਬ ਨੂੰ ਨਵੀਂ ਰਿਕਸ਼ਾ ਰੇਹੜੀ ਭੇਟਾ ਕਰਨ ਵਾਲੇ ਕਰਨੈਲ ਸਿੰਘ ਗੁਰਮ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਨੇ ਵਿਸਾਖੀ ਦਾ ਦਿਹਾੜਾ ਮਨਾਉਣ ਹੁੰਮ-ਹੁਮਾ ਕੇ ਪੁੱਜੀ ਸੰਗਤ ਨੂੰ ਵਧਾਈ ਦਿੱਤੀ ਅਤੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ 'ਤੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ| ਰਾਮਗੜ੍ਹੀਆ ਸਭਾ ਵੱਲੋਂ ਇੱਕ ਨਿਵੇਕਲੀ ਪਹੁੰਚ ਅਪਣਾਉਂਦਿਆਂ ਵਿਸਾਖੀ ਦੇ ਦਿਹਾੜੇ ਮੌਕੇ ਪਹੁੰਚੀ ਸੰਗਤ ਨੂੰ ਮਿੱਟੀ ਦੇ ਬਰਤਨ ਵੰਡੇ ਗਏ ਜਿਸ ਨਾਲ ਕਿ ਵੱਧ ਤੋਂ ਵੱਧ ਪਰਿਵਾਰ ਮਿੱਟੀ ਦੇ ਬਰਤਨ ਪਾਣੀ ਨਾਲ ਭਰ ਕੇ ਆਪਣੀਆਂ ਛੱਤਾਂ 'ਤੇ ਰੱਖ ਸਕਣ ਅਤੇ ਪੰਛੀਆਂ ਨੂੰ ਪੀਣ ਲਈ ਪਾਣੀ ਮਿਲ ਸਕੇ|
ਪ੍ਰਧਾਨ ਕੰਡੇਵਾਲਾ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਲੁਪਤ ਹੋ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਇਹ ਸੰਕੇਤਕ ਮੁਹਿੰਮ ਹੈ| ਖਾਸ ਤੌਰ 'ਤੇ ਉਹਨਾਂ ਚਿੜੀ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਚਿੜੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ| ਜੇਕਰ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੀਣ ਲਈ ਪਾਣੀ ਰੱਖਣਗੇ ਤਾਂ ਪੰਛੀਆਂ ਨੂੰ ਇਸਦੇ ਨਾਲ ਜੀਵਨ ਮਿਲੇਗਾ ਅਤੇ ਸਮਾਜ ਵਿੱਚ ਚਿੜੀਆਂ ਵਰਗੀਆਂ ਹੋਰ ਪ੍ਰਜਾਤੀਆਂ ਵੀ ਲੁਪਤ ਹੋਣੋ ਬਚ ਜਾਣਗੀਆਂ ਅਤੇ ਵਾਤਾਵਰਨ ਵੀ ਨਰੋਆ ਰਹੇਗਾ| ਉਹਨਾਂ ਨੇ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹ ਕਦਮ ਚੁੱਕਣੇ ਚਾਹੀਦੇ ਹਨ| ਚੇਤੇ ਰਹੇ ਕਿ ਸਭਾ ਨੇ ਪਹਿਲਾਂ ਵੀ ਰੁੱਖ ਲਗਾਉਣ ਦੀ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚਲਾਈ ਸੀ|
ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ| ਇਸ ਮੌਕੇ ਜਥੇਦਾਰ ਹਰਭਜਨ ਸਿੰਘ, ਮਾਨ ਸਿੰਘ ਸੱਗੂ, ਮੁਖਤਿਆਰ ਸਿੰਘ ਭੁੱਲਰ, ਜੋਗਿੰਦਰ ਸਿੰਘ ਮਠਾੜੂ, ਦਿਲਬਾਗ ਸਿੰਘ ਗੁਰਮ, ਯਾਦਵਿੰਦਰ ਸਿੰਘ ਢੀਂਡਸਾ, ਪ੍ਰੀਤਮ ਸਿੰਘ ਬਿੱਟਾ, ਕੰਵਲਜੀਤ ਸਿੰਘ ਸੋਖੀ, ਅਮਰੀਕ ਸਿੰਘ ਸੱਗੂ, ਅਮਰਜੀਤ ਸਿੰਘ ਲਿੰਕਨ, ਜਸਵਿੰਦਰ ਸਿੰਘ ਮਠਾੜੂ, ਰਾਜਿੰਦਰ ਸਿੰਘ ਚਾਨੀ, ਸੁਰਜੀਤ ਸਿੰਘ, ਬਲਬੀਰ ਸਿੰਘ ਵਾਲੀਆ, ਅਜੀਤ ਸਿੰਘ, ਸੁਖਵਿੰਦਰ ਸਿੰਘ ਕਲੇਰ, ਗੁਰਚਰਨ ਸਿੰਘ ਜਗਦੇਵ, ਪਰਵਿੰਦਰ ਸਿੰਘ ਢੀਂਡਸਾ, ਗੁਰਜੀਤ ਸਿੰਘ ਬਾਠ, ਟਹਿਲ ਸਿੰਘ ਬਖਸ਼ੀਵਾਲਾ, ਗੁਰਦਿਆਲ ਸਿੰਘ ਦਿਓੜਾ, ਸੰਤੋਖ ਸਿੰਘ ਅਤੇ ਹੋਰ ਸੰਗਤ ਹਾਜ਼ਰ ਸੀ|