ਜਥੇ ਰਣਜੀਤ ਸਿੰਘ ਬ੍ਰਹਮਪੁਰਾ ,ਸੇਵਾ ਸਿੰਘ ਸੇਖਵਾਂ ਅਤੇ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੁੰਦੇ ਹੋਏ ਜਥੇਦਾਰ ਗੁਰਜੀਵਨ ਸਿੰਘ ਸਰੌਦ ।
ਕੁੱਪ ਕਲਾਂ 14 ਅਪ੍ਰੈਲ (ਦੀਦਾਰ ਗੁਰਨਾ ) ਹਲਕਾ ਅਮਰਗੜ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੀਵਨ ਸਿੰਘ ਸਰੌਦ ਜੋ ਲੰਬੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਆਪਣੇ ਘਰ ਬੈਠੇ ਸਨ ਨੇ ਅੱਜ ਪਾਰਟੀ ਪ੍ਰਧਾਨ ਜਥੇ ਰਣਜੀਤ ਸਿੰਘ ਬ੍ਰਹਮਪੁਰਾ ,ਸੇਵਾ ਸਿੰਘ ਸੇਖਵਾਂ ਅਤੇ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਟਕਸਾਲੀ ਦਾ ਪੱਲਾ ਫੜ ਲਿਆ । ਜ਼ਿਕਰਯੋਗ ਹੈ ਕਿ ਮਰਹੂਮ ਪੰਥ ਰਤਨ ਜਥੇਦਾਰ ਗੁਰਚਰਨ ਟੌਹੜਾ ਦੀ ਉਂਗਲ ਫੜ ਕੇ ਸਰਗਰਮ ਸਿਆਸਤ ਦਾ ਹਿੱਸਾ ਬਣੇ ਜਥੇਦਾਰ ਸਰੌਦ ਨੂੰ ਹਲਕਾ ਅਮਰਗੜ ਅੰਦਰ ਇੱਕ ਬੇਬਾਕ ਅਤੇ ਪੰਥਕ ਬੁਲਾਰੇ ਦੇ ਤੌਰ ਤੇ ਜਾਣਿਆ ਜਾਂਦਾ ਹੈ ।
ਹਲਕੇ ਦੇ ਪਿੰਡਾਂ ਅੰਦਰ ਵੱਡਾ ਜਨਤਕ ਆਧਾਰ ਅਤੇ ਇੱਕ ਗੜਸ ਭਰੀ ਛਵੀ ਵਾਲੇ ਆਗੂ ਕਾਰਨ ਲੋਕ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ । ਲੰਘੇ ਸਮੇਂ ਅਕਾਲੀ ਦਲ ਅੰਦਰ ਉਨ੍ਹਾਂ ਨੇ ਵਰਕਿੰਗ ਕਮੇਟੀ ਮੈਬਰ , ਸਿਨੀਅਰ ਮੀਤ ਪਰਧਾਨ ਅਤੇ ਜਨਰਲ ਸਕੱਤਰ ਵਰਗੇ ਵੱਕਾਰੀ ਅਹੁਦਿਆਂ ਤੇ ਕੰਮ ਕੀਤਾ । ਹੁਣ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਅਕਾਲੀ ਦਲ ਦੇ ਕਈ ਆਗੂਆਂ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਨਰਾਜਗੀ ਜਾਹਰ ਕਰਦੇ ਹੋਏ ਸਰਗਰਮ ਅਕਾਲੀ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਸੀ । ਅੱਜ ਜਥੇ. ਸਰੌਦ ਅਪਣੇ ਸੈਕੜੇ ਸਾਥੀਆਂ ਸਣੇ ਬੱਬੀ ਬਾਦਲ ਦੀ ਹਾਜਰੀ ਵਿੱਚ ਅਕਾਲੀ ਦਲ ਟਕਸਾਲੀ ' 'ਚ ਸਾਮਲ ਹੋ ਗਏ । ਉਨ੍ਹਾਂ ਦੇ ਪਾਰਟੀ ਛੱਡ ਜਾਣ ਕਾਰਨ ਅਕਾਲੀ ਦਲ ਨੂੰ ਹਲਕੇ ਅਮਰਗੜ ਵਿੱਚ ਇੱਕ ਵੱਡਾ ਝਟਕਾ ਜਰੂਰ ਲੱਗਿਆ ਹੈ ।
ਬੜਾ ਦਿਲਚਸਪ ਰਿਹੈ ਜਥੇਦਾਰ ਸਰੌਦ ਦਾ ਸਿਆਸੀ ਜੀਵਨ ।
ਲੱਗਭੱਗ 23 ਸਾਲ ਪਹਿਲਾ ਜਥੇ. ਟੌਹੜਾ ਦੀ ਸਿਆਸੀ ਗੁੜਤੀ ਸਦਕਾ ਰਾਜਨੀਤੀ ਦਾ ਹਿੱਸਾ ਬਣੇ ਜਥੇ.ਸਰੌਦ ਨੇ ਹਮੇਸ਼ਾਂ ਹਰ ਚੋਣ ਵਿੱਚ ਆਪਣੇ ਵੱਖਰੇ ਧੜੇ ਦੀ ਹੋੰਦ ਦਾ ਪ੍ਰਗਟਾਵਾ ਕੀਤਾ ਅਤੇ ਕਾਮਯਾਬ ਵੀ ਰਹੇ ।ਉਨ੍ਹਾਂ ਨੇ ਪਹਿਲਾਂ ਸਰਬ ਹਿੰਦ ਅਕਾਲੀ ਦਲ ਵਿੱਚ ਵੀ ਕੰਮ ਕੀਤਾ ਅਤੇ ਅਕਾਲੀ ਦਲ ਦੇ ਰਲੇਵੇਂ ਤੋਂ ਬਾਅਦ ਉਹ ਬਾਦਲ ਪਰਿਵਾਰ ਦੇ ਸੰਪਰਕ ਵਿੱਚ ਆ ਗਏ । 2012 ਦੀ ਵਿਧਾਨ ਸਭਾ ਚੋਣ ਮੌਕੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ । ਫਿਰ ਦੋ ਸਾਲ ਦੇ ਸਿਆਸੀ ਬਨਵਾਸ ਕੱਟਣ ਤੋਂ ਬਾਅਦ ਸੰਗਰੂਰ ਜਿਲ੍ਹੇ ਦੀ ਸਿਆਸੀ ਸਰਦਾਰੀ ਕਰ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਕੋਰ ਕਮੇਟੀ ਦਾ ਮੈਂਬਰ ਬਣਾਇਆ ਪਰ ਹੁਣ ਪਿਛਲੇ ਲੰਬੇ ਸਮੇਂ ਤੋਂ ਹਲਕਾ ਪੱਧਰੀ ਲੀਡਰਾਂ ਨਾਲ ਮਤਭੇਦ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਤੋਂ ਖਫਾ ਚੱਲ ਰਹੇ ਸਨ ।