ਪਿੰਡ ਬਧੌਛੀ ਕਲਾਂ ਵਿਖੇ ਮੀਟਿੰਗ ਉਪਰੰਤ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਹੋਰ।
ਫ਼ਤਿਹਗੜ੍ਹ ਸਾਹਿਬ, 15 ਅਪ੍ਰੈਲ (ਦੀਦਾਰ ਗੁਰਨਾ ) ਦੇਸ਼ ਵਿੱਚ ਮੋਦੀ ਸਰਕਾਰ ਨੇ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ ਤੇ ਸਾਰੀਆਂ ਜਮਹੂਰੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾਈ ਹੈ।ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਤੇ ਇਸ ਜਮਹੂਰੀਅਤ ਨੂੰ ਬਚਾਉਣ ਲਈ ਕੇਂਦਰ ਵਿੱਚ ਕਾਂਗਰਸ ਤੇ ਹਮਾਇਤੀ ਪਾਰਟੀਆਂ ਦੀ ਸਰਕਾਰ ਬਨਾਉਣੀ ਲਾਜ਼ਮੀ ਹੈ।ਇਹ ਗੱਲ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਹਲਕੇ ਦੇ ਪਿੰਡ ਬਧੌਛੀ ਕਲਾਂ ਵਿਖੇ ਲੋਕਾਂ ਦੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਿੱਖਿਆ ਮੁਹੱਈਆ ਕਰਵਾਉਣੀ ਅਤੇ ਗ਼ਰੀਬੀ ਨੂੰ ਜੜ੍ਹੋਂ ਖ਼ਤਮ ਕਰਨਾ ਉਨ੍ਹਾਂ ਦੇ ਮੁੱਖ ਟੀਚਿਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਾਰ ਵਾਰ ਇਹ ਗੱਲ ਆਖਦੇ ਹਨ ਕਿ ਦੇਸ਼ ਵਿੱਚ 70 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਜਾਂ ਦੱਸਣ ਤੋਂ ਭੱਜ ਜਾਂਦੇ ਹਨ ਕਿ ਇਸ ਵਕਫ਼ੇ ਦੌਰਾਨ 05 ਸਾਲ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਨੇ ਕੀ ਕੀਤਾ।
ਡਾ. ਅਮਰ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸੰਭਾਲ ਕਿ ਤਰੱਕੀ ਦੀਆਂ ਲੀਹਾਂ ਉਤੇ ਕਾਂਗਰਸ ਦੀਆਂ ਸਰਕਾਰਾਂ ਨੇ ਹੀ ਪਾਇਆ ਪਰ ਇਹ ਗੱਲ ਆਖਣ ਦੀ ਹਿੰਮਤ ਨਰਿੰਦਰ ਮੋਦੀ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਜੁਮਲੇ ਸੁਣਾ ਸਕਦੀ ਹੈ ਜਾਂ ਕੁਫ਼ਰ ਤੋਲ ਸਕਦੀ ਹੈ । ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ 2014 ਵਿੱਚ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਜਿਹੜੇ ਲੋਕਾਂ ਨੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਉਨ੍ਹਾਂ ਨੂੰ ਕੁੱਟਿਆ ਗਿਆ ਜਾਂ ਦੇਸ਼ ਧਰੋਹ ਦੇ ਕੇਸ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਅਕਾਲੀ ਦਲ ਭਾਜਪਾ ਦੇ ਝੂਠ ਦੇ ਗੇੜ ਵਿੱਚ ਨਹੀਂ ਆਉਣਗੇ ਤੇ ਕਾਂਗਰਸ ਤੇ ਹਿਮਾਇਤੀ ਪਾਰਟੀਆਂ ਦੀ ਸਰਕਾਰ ਬਨਾਉਣਗੇ।
ਇਸ ਮੌਕੇ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੀ ਹੈ ਤੇ ਅੱਜ ਦਾ ਨੌਜਵਾਨ ਕੀਤੇ ਹੋਏ ਕੰਮ ਦੀ ਕਦਰ ਕਰਦਾ ਹੈ ਲਾਰਿਆਂ ਦੇ ਜਾਲ ਵਿੱਚ ਨਹੀਂ ਫਸਦਾ। ਹਲਕਾ ਫ਼ਤਿਹਗੜ੍ਹ ਸਾਹਿਬ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜ ਕਹਿਣੀ ਤੇ ਕਰਨੀ 'ਤੇ ਪੂਰੇ ਉਤਰਨ ਦੀ ਕਹਾਣੀ ਆਪ ਬਿਆਨ ਕਰ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਜੋ ਵਾਅਦੇ ਕੀਤੇ ਗਏ ਸਨ ਉਹ ਵੀ ਲਗਾਤਾਰਤਾ ਵਿੱਚ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲ ਦੌਰਾਨ ਕਰਵਾਏ ਕੰਮਾਂ ਸਦਕਾ ਕਾਂਗਰਸ ਦੇ ਉਮੀਦਵਾਰ ਵੱਡੀ ਲੀਡ ਨਾਲ ਸੰਸਦ ਦੀਆਂ ਪੌੜੀਆਂ ਚੜ੍ਹਨਗੇ ਤੇ ਕੇਂਦਰ ਵਿੱਚ ਕਾਂਗਰਸ ਤੇ ਹਮਾਇਤੀ ਪਾਰਟੀਆਂ ਦੀ ਸਰਕਾਰ ਬਣਨ 'ਤੇ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਹੋ ਜਾਣਗੀਆਂ।ਉਨ੍ਹਾਂ ਕਿਹਾ ਕਿ ਜਿਹੋ ਜਿਹੀ ਪ੍ਰਤੀਕਿਰਿਆ ਪਿੰਡਾਂ ਦੇ ਲੋਕਾਂ ਤੋਂ ਮਿਲ ਰਹੀ ਹੈ, ਉਸ ਤੋਂ ਸਾਫ਼ ਜ਼ਾਹਰ ਹੈ ਕਿ ਡਾ. ਅਮਰ ਸਿੰੰਘ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਇਤਿਹਾਸਕ ਜਿੱਤ ਦਰਜ਼ ਕਰਨਗੇ।ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਪੰਚਾਇਤ ਰਾਜ ਸੰਗਠਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਸਰਪੰਚ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਕੌਰ ਬਧੌਛੀ,ਹਰਦੇਵ ਸਿੰਘ,ਬਾਲੂ ਖਰੋੜਾ, ਹਰਭਿੰਦਰ ਸਿੰਘ, ਜਤਿੰਦਰ ਸਿੰਘ, ਹਰਮਿੰਦਰ ਸਿੰਘ ਲਟੌਰ,ਜਗਦੇਵ ਸਿੰਘ,ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲ੍ਹਾ , ਮੇਵਾ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ,ਲਾਡੀ ਸਰਪੰਚ, ਧਰਮਿੰਦਰ ਸਿੰਘ ਨਬੀਪੁਰ,ਗੁਰਬਾਜ ਸਿੰਘ ਰਾਜੂ, ਦਲਬੀਰ ਸਿੰਘ,ਭਾਗ ਸਿੰਘ, ਪਰਵਿੰਦਰ, ਅਮਨਦੀਪ ਗੋਲਡੀ, ਸਨਦੀਪ ਸਿੰਘ, ਗੁਰਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਪ੍ਰੇਮ ਸਿੰਘ, ਬਿੱਟਾ ਬਧੌਛੀ ਆਦਿ ਪਿੰਡ ਬਧੌਛੀ ਕਲਾਂ ਦੇ ਨਗਰ ਨਿਵਾਸੀ ਹਾਜ਼ਰ ਸਨ।