ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਫ਼ਤਿਹਗੜ੍ਹ ਸਾਹਿਬ, 16 ਅਪ੍ਰੈਲ :-(ਦੀਦਾਰ ਗੁਰਨਾ ) ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਡਰਾਈਵਰੀ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਅਫ਼ੀਮ, ਭੁੱਕੀ ਲਿਆ ਕੇ ਵੇਚਣ ਵਾਲੇ ਦੋ ਕਥਿਤ ਦੋਸ਼ੀ ਚਾਚੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 20 ਕਿੱਲੋ ਭੁੱਕੀ ਚੂਰਾ ਪੋਸਤ ਤੇ 7 ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐੱਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ ਅਤੇ ਡੀ.ਐੱਸ.ਪੀ. (ਮੇਜਰ ਕ੍ਰਾਈਮ) ਸ਼੍ਰੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸੀ.ਆਈ. ਏ. ਸਟਾਫ਼ ਸਰਹਿੰਦ ਦੇ ਏ.ਐੱਸ.ਆਈ. ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨੇੜੇ ਲਿੰਕ ਰੋਡ ਤਰਖਾਣ ਮਾਜਰਾ ਜੀ.ਟੀ. ਰੋਡ ਸਰਹਿੰਦ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁਖ਼ਬਰੀ ਦੇ ਆਧਾਰ 'ਤੇ ਗੁਰਪਾਲ ਸਿੰਘ ਉਫਰ ਭੋਲਾ ਅਤੇ ਭਗਵੰਤ ਸਿੰਘ ਵਾਸੀ ਵਾਰਡ ਨੰ: 5, ਤਕੀਆ ਮੁਹੱਲਾ ਅਮਲੋਹ ਦੇ ਵੱਡੇ ਟਰਾਲੇ ਨੰ: ਪੀ.ਬੀ. 11-ਏ.ਐਨ-7757 ਦੀ ਤਲਾਸ਼ੀ ਲਈ ਗਈ ਅਤੇ ਟਰਾਲੇ ਦੇ ਡਰਾਈਵਰ ਦੀ ਪਿਛਲੀ ਸੀਟ ਤੋਂ ਇੱਕ ਥੈਲਾ ਜਿਸ ਵਿੱਚ 20 ਕਿੱਲੋ ਭੁੱਕੀ ਅਤੇ ਟਰਾਲੇ ਦੇ ਕੈਬਿਨ ਵਿੱਚ ਡਰਾਈਵਰ ਸੀਟ ਦੇ ਸਾਹਮਣੇ ਵਾਲੇ ਸ਼ੀਸ਼ੇ ਦੇ ਉੱਪਰ ਬਣੇ ਖਾਨੇ ਵਿੱਚੋਂ ਤਲਾਸ਼ੀ ਕਰਨ 'ਤੇ 7 ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਕਥਿਤ ਦੋਸ਼ੀਆਂ ਵਿਰੁੱਧ ਥਾਣਾਂ ਸਰਹਿੰਦ ਵਿਖੇ ਮੁਕੱਦਮਾ ਨੰਬਰ ਦਰਜ਼ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਸਕੇ ਚਾਚਾ ਭਤੀਜਾ ਹਨ, ਜੋ ਕਿ ਆਪਣਾ ਖ਼ੁਦ ਦਾ ਟਰਾਲਾ ਚਲਾਉਂਦੇ ਹਨ ਅਤੇ ਡਰਾਈਵਰੀ ਦੀ ਆੜ ਵਿੱਚ ਬਾਹਰਲੇ ਰਾਜਾਂ ਤੋਂ ਅਫ਼ੀਮ ਅਤੇ ਭੁੱਕੀ ਚੂਰਾ ਪੋਸਤ ਲਿਆ ਕੇ ਪੰਜਾਬ ਵਿੱਚ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇਲਾਕੇ ਵਿੱਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਕਥਿਤ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆਂ ਹੈ ਕਿ ਲਖਵੀਰ ਸਿੰਘ ਉਰਫ਼਼਼਼਼ ਲੱਕੀ ਵਾਸੀ ਅਮਲੋਹ ਅਤੇ ਰਾਜੇਸ਼ ਧਵਨ ਉਰਫ ਸੋਨੂੰ ਪੁੱਤਰ ਹਰਬੰਸ ਲਾਲ ਵਾਸੀ # 93, ਸੈਕਟਰ 4-ਡੀ, ਸ਼ਾਸਤਰੀ ਨਗਰ, ਮੰਡੀ ਗੋਬਿੰਦਗੜ੍ਹ ਨੇ ਅਫ਼ੀਮ ਅਤੇ ਭੁੱਕੀ ਮੰਗਵਾਉਣ ਲਈ ਉਨ੍ਹਾਂ ਦੇ ਅਕਾਊਂਟ ਵਿੱਚ ਕਰੀਬ 2 ਲੱਖ ਰੁਪਏ ਜਮਾਂ ਕਰਵਾਏ ਸਨ, ਜੋ ਲਖਵੀਰ ਸਿੰਘ ਲੱਕੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਵੀ ਗੁਰਪਾਲ ਸਿੰਘ ਉਰਫ ਭੱਲਾ ਅਤੇ ਭਗਵੰਤ ਸਿੰਘ ਇਸ ਧੰਦੇ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਫੜਨ ਲਈ ਵੀ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਲੱਕੀ ਦੇ ਖ਼ਿਲਾਫ਼ ਪਹਿਲਾਂ ਹੀ ਮੁਕੱਦਮਾ ਨੰਬਰ 114 ਮਿਤੀ 1-12-2017 ਨੂੰ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 15/61/85 ਅਧੀਨ ਥਾਣਾ ਅਮਲੋਹ ਵਿਖੇ ਮਾਮਲਾ ਦਰਜ਼ ਹੈ, ਜਿਸ ਵਿੱਚ ਇਸ ਪਾਸੋਂ 3 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਕਥਿਤ ਦੋਸ਼ੀ ਲਖਵੀਰ ਸਿੰਘ ਲੱਕੀ ਨੂੰ 8-2-19 ਨੂੰ ਸਜਾ ਹੋ ਵੀ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਅਫ਼ੀਮ ਅਤੇ ਭੁੱਕੀ ਚੂਰਾ ਪੋਸਤ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਆਪਣੇ ਸਾਥੀਆਂ ਲਖਵੀਰ ਸਿੰਘ ਉਰਫ ਲੱਕੀ ਅਤੇ ਰਾਜੇਸ਼ ਧਵਨ ਉਰਫ ਸੋਨੂੰ ਨਾਲ ਮਿਲ ਕੇ ਸਮਗਲਿੰਗ ਕਰਕੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਦੇ ਸਨ।