ਰਾਜਪੁਰਾ 19 ਅਪ੍ਰੈਲ ,2019: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਜਿੱਥੇ ਵਿਦਿਆਰਥੀਆਂ ਦੇ ਕਲਿਆਣਕਾਰੀ ਹੈ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਵੀ ਹੈ| ਸਰਕਾਰੀ ਸਕੂਲਾਂ ਦੀ ਬੇਹਤਰੀਨ ਕਾਰਗੁਜ਼ਾਰੀ ਨੂੰ ਦੇਖਦਿਆਂ ਸ਼ਹਿਰਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਹੋ ਕੇ ਸਾਥ ਦੇਣ ਦਾ ਮਨ ਬਣਾ ਲਿਆ ਹੈ|
ਇਸਦੀ ਮਿਸਾਲ ਰਾਜਪੁਰਾ ਦੇ ਸਰਕਾਰੀ ਕੋ: ਐਜੂ: ਸੀਨੀਅਰ ਸੈਕੰਡਰੀ ਸਕੂਲ ਦੀ ਹਾਈ ਬ੍ਰਾਂਚ ਵਿੱਚ ਪੜ੍ਹਾ ਰਹੀਆਂ ਸਕੂਲ ਅਧਿਆਪਕਾਵਾਂ ਜਸਵੀਰ ਕੌਰ ਚਾਨੀ ਸਾਇੰਸ ਮਿਸਟ੍ਰੈਸ ਅਤੇ ਵਰਿੰਦਰਜੀਤ ਕੌਰ ਸਾਇੰਸ ਮਿਸਟ੍ਰੈਸ ਦੇ ਉਪਰਾਲਿਆਂ ਨਾਲ ਦੇਖਣ ਨੂੰ ਮਿਲੀ ਜਦੋਂ ਰੋਟਰੀ ਕਲੱਬ ਰਾਜਪੁਰਾ 3090 ਵੱਲੋਂ ਗਲੋਬਲ ਗ੍ਰਾਂਟ ਤਹਿਤ ਰੋਟਰੀ ਪਾਸਟ ਜ਼ਿਲ੍ਹਾ ਗਵਰਨਰ ਵਿਜੈ ਗੁਪਤਾ ਦੇ ਕਰ ਕਮਲਾਂ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਗਰਮੀਆਂ ਵਿੱਚ ਸਾਫ਼, ਸੁੱਧ ਅਤੇ ਠੰਢਾ ਪਾਣੀ ਪੀਣ ਲਈ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਦਿੱਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਵਧ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਵਧ ਰਹੀ ਹੈ| ਨਿਜੀ ਸਕੂਲਾਂ ਤੋਂ ਨਾਮ ਕਟਾ ਕੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਬੱਚਿਆਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਦੀ ਸਹੂਲਤ ਦੇਣ ਲਈ ਸਕੂਲ ਦੀਆਂ ਅਧਿਆਪਕਾਵਾਂ ਨੇ ਰੋਟਰੀ ਕਲੱਬ ਤੱਕ ਪਹੁੰਚ ਕੀਤੀ ਸੀ| ਉਹਨਾਂ ਦੀ ਮੰਗ ਅਤੇ ਵਿਦਿਆਰਥੀਆਂ ਦੀ ਜਰੂਰਤ ਨੂੰ ਮਹਿਸੂਸ ਕਰਦਿਆਂ ਸਕੂਲ ਵਿੱਚ ਰੋਟਰੀ ਕਲੱਬ ਵੱਲੋਂ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਇਆ ਗਿਆ ਹੈ|ਉਹਨਾਂ ਕਿਹਾ ਕਿ ਇੱਕ ਸਾਦੇ ਸਮਾਗਮ ਵਿੱਚ ਰੋਟਰੀ ਕਲੱਬ ਦੇ ਵੱਲੋਂ ਪਹੁੰਚੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ| ਇੰਦਰਜੀਤ ਸਿੰਘ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਕਾਰਨ ਹੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਪਿਛਲ਼ੇ ਸਾਲ ਨਾਲੋਂ ਵਧੀ ਹੈ|
ਇਸ ਮੌਕੇ ਰੋਟਰੀ ਪਾਸਟ ਜ਼ਿਲ੍ਹਾ ਗਵਰਨਰ ਵਿਜੇ ਗੁਪਤਾ ਨੇ ਕਿਹਾ ਕਿ ਰਾਜਪੁਰਾ ਦੇ ਖੇਤਰ ਵਿੱਚ ਐੱਨ.ਟੀ.ਸੀ. ਸਕੂਲ ਦੀ ਹਾਈ ਬ੍ਰਾਂਚ ਨੂੰ ਸਹਿਯੋਗ ਦੇਣ ਲਈ ਪਹਿਲਾਂ ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਚਾਨੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ| ਸਕੂਲ ਵਿੱਚ ਵਿਜ਼ਟ ਦੌਰਾਨ ਦੇਖਿਆ ਗਿਆ ਤਾਂ ਇੱਥੇ ਬੱਚਿਆਂ ਦੀ ਗੁਣਾਤਮਿਕ ਸਿੱਖਿਆ ਲਈ ਅਧਿਆਪਕਾਂ ਦੀ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੀ ਸੋਚ ਨੂੰ ਸਹਿਯੋਗ ਦੇਣ ਲਈ ਰੋਟਰੀ ਕਲੱਬ ਵੱਲੋਂ ਸਕੂਲ ਨੂੰ ਚੁਣਿਆ ਗਿਆ ਹੈ| ਉਹਨਾਂ ਸਕੂਲ ਵਿੱਚ ਤਿਆਰ ਕੀਤੇ ਗਏ ਵਧੀਆ ਮੈਥ ਪਾਰਕ ਅਤੇ ਆਰਟ ਐਂਡ ਕਰਾਫ਼ਟ ਰੂਮ ਦੀ ਪ੍ਰਸੰਸ਼ਾ ਕੀਤੀ|
ਇਸ ਮੌਕੇ ਸਿੱਖਿਆ ਸਾਸ਼ਤਰੀ ਤੇ ਸਮਾਜ ਸੇਵੀ ਧਰਮਪਾਲ ਵਰਮਾ ਨੇ ਕਿਹਾ ਕਿ ਉਹ ਇਸ ਸਕੂਲ ਵਿੱਚ ਬਹੁਤ ਸਮਾਂ ਬਾਅਦ ਆਏ ਹਨ| ਉਹਨਾਂ ਨੇ ਸਕੂਲ ਮੁੱਖੀ ਅਤੇ ਅਧਿਆਪਕਾਂ ਨੂੰ ਸਕੂਲ ਦੀ ਪ੍ਰਗਤੀ ਲਈ ਵਧਾਈ ਦਿੱਤੀ ਅਤੇ ਸਕੂਲ ਨੂੰ ੫ ਰੁਪਏ ਵਿੱਤੀ ਸਹਿਯੋਗ ਵੀ ਦਿੱਤਾ|
ਇਸ ਮੌਕੇ ਰੋਟਰੀ ਪ੍ਰਧਾਨ ਰਵਿੰਦਰ ਰਣਦੇਵ, ਰੋਟਰੀ ਸਕੱਤਰ ਜੋਗਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਆਈ.ਡੀ.ਤਿਵਾੜੀ, ਏ.ਐੱਸ. ਲੁਬਾਣਾ, ਐਡਵੋਕੇਟ ਕ੍ਰਿਸ਼ਨ ਸੰਮੀ, ਨਰਿੰਦਰ ਪਟਿਆਲਾ, ਕੇ.ਐੱਲ. ਹੰਸ, ਤਜਿੰਦਰ ਕਮਲੇਸ਼, ਸੰਜੀਵ ਸੋਨੀ, ਗੁਲਸ਼ਨ ਖੁਰਾਨਾ ਦਾ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ| ਸਕੂਲ ਸਟਾਫ ਵਿੱਚ ਲੈਕਚਰਾਰ ਨਛੱਤਰ ਸਿੰਘ, ਜਸਵੀਰ ਕੌਰ ਚਾਨੀ, ਵਰਿੰਦਰਜੀਤ ਕੌਰ, ਤਲਵਿੰਦਰ ਕੌਰ, ਮੋਨਿਕਾ ਜੋੜਾ, ਦੀਪਕ ਕੁਮਾਰ, ਪਵਨ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ|