ਹਲਕਾ ਸਮਰਾਲਾ ਵਿੱਚ ਹੋਏ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਡਾ. ਅਮਰ ਸਿੰਘ
ਸਮਰਾਲਾ 23 ਅਪ੍ਰੈਲ ( ਦੀਦਾਰ ਗੁਰਨਾ ) ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਅੱਜ ਹਲਕਾ ਸਮਰਾਲਾ ਦੇ ਕਈ ਵੱਡੇ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਹਲਕਾ ਸਮਰਾਲਾ ਦੇ ਪਿੰਡ ਤੱਖਰਾਂ, ਸਾਹਨੇਵਾਲ, ਝੜੌਦੀ, ਜੱਸੋਵਾਲ, ਚੱਕਲੀ ਆਦਲ ਅਤੇ ਪਿੰਡ ਬਹਿਲੋਲਪੁਰ ਦੇ ਭਰਵੇਂ ਚੋਣ ਜਲਸਿਆਂ ਚ ਸ਼ਮੂਲੀਅਤ ਕੀਤੀ। ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਏ ਇਨ੍ਹਾਂ ਸਮਾਗਮਾਂ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਉੱਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਆਪ ਮੁਹਾਰੇ ਜੁੜਨਾ ਇਸ ਗੱਲ ਉੱਤੇ ਮੋਹਰ ਹੈ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਆਪਣੀ ਜਿੱਤ ਦਰਜ ਕਰੇਗੀ।
ਉਨ੍ਹਾਂ ਲੋਕਾਂ ਨੂੰ ਆਗਾਹ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਚੁੰਗਲ ਵਿੱਚੋਂ ਨਿਕਲਣ ਦਾ ਹੁਣ ਸੁਨਹਿਰੀ ਮੌਕਾ ਹੋਣ ਕਰਕੇ ਦੇਸ਼ ਦੀ ਜਨਤਾ ਲੋਕ ਮਾਰੂ ਨੀਤੀਆਂ ਬਣਾਉਣ ਵਾਲੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਨੋਟਬੰਦੀ ਕਰਕੇ ਮੁਲਖ ਨੂੰ ਐੱਸੇ ਆਰਥਿਕ ਸੰਕਟ ਵਿੱਚ ਪਾ ਦਿੱਤਾ ਸੀ ਜਿਸ ਨਾਲ ਜਿੱਥੇ ਦੇਸ਼ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਉੱਥੇ ਆਮ ਲੋਕਾਂ ਨੂੰ ਵੱਡੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਜੀ.ਐਸ.ਟੀ ਨਾਲ ਵੀ ਦੇਸ਼ ਦੇ ਬਹੁਗਿਣਤੀ ਲੋਕਾਂ ਦੇ ਕਾਰੋਬਾਰਾਂ ਨੂੰ ਮਾਰ ਸੱਟ ਲੱਗੀ ਹੈ ਜਿਸ ਨਾਲ ਵਪਾਰੀ ਵਰਗ ਅੱਜ ਵੀ ਵੱਡੀਆਂ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਅਕਾਲੀ ਦਲ (ਬਾਦਲ) ਨੂੰ ਵੀ ਵੋਟ ਪਾਉਣਗੇ ਤਾਂ ਵੀ ਉਹ ਸਿੱਧੀ ਨਰਿੰਦਰ ਮੋਦੀ ਦੇ ਖਾਤੇ ਵਿੱਚ ਹੀ ਜਾਵੇਗੀ ਇਸ ਲਈ ਆਪਣਾ ਇੱਕੋ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਦਿੱਤਾ ਜਾਵੇ। ਅਕਾਲੀਆਂ ਉੱਤੇ ਵਰ੍ਹਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਮੌਕੇ ਸੂਬੇ ਦੇ ਹੋਏ ਅੰਨ੍ਹੇਵਾਹ ਘਾਣ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਸ ਵਿੱਚ ਜਵਾਨੀ ਨੂੰ ਕਥਿਤ ਤੌਰ ਉੱਤੇ ਨਸ਼ਿਆਂ ਵਿੱਚ ਧੱਕਿਆ ਗਿਆ , ਧੀਆਂ ਦੀਆਂ ਪੱਤਾਂ ਰੋਲੀਆਂ ਗਈਆਂ , ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਅਜਿਹੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਜੇਕਰ ਦੁਬਾਰਾ ਮੂੰਹ ਲਾਇਆ ਤਾਂ ਇਹ ਪੰਜਾਬ ਨੂੰ ਕੰਗਾਲ ਕਰਨ ਦਾ ਸਿੱਧਾ ਰਾਹ ਸਾਬਿਤ ਹੋਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਤਿੱਖੇ ਵਿਅੰਗ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿਨੋਂ ਦਿਨ ਡਿਗ ਰਹੇ ਮਿਆਰ ਨੂੰ ਪੰਜਾਬੀ ਆਏ ਦਿਨ ਆਪਣੇ ਅੱਖੀਂ ਵੇਖ ਰਹੇ ਹਨ ਜਿਸਦਾ ਲੋਕ ਸਭਾ ਚੋਣਾਂ ਵਿੱਚ ਜੋ ਹਸ਼ਰ ਹੋਵੇਗਾ ਉਹ ਆਉਂਦੇ ਦਿਨਾਂ ਵਿੱਚ ਸਭ ਦੇ ਸਾਹਮਣੇ ਆ ਜਾਵੇਗਾ। ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਟੀਚਾ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਸਮੇਤ ਹਰ ਵਰਗ ਦੇ ਭਲੇ ਲਈ ਲੋਕ ਭਲਾਈ ਸਕੀਮਾਂ ਚਲਾਉਣੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੇਂਦਰ ਦੀ ਸੱਤਾ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਗ਼ਰੀਬ ਪਰਿਵਾਰਾਂ ਅਤੇ ਕਿਸਾਨਾਂ ਨੂੰ ਪ੍ਰਤੀ ਸਾਲ 72 ਹਜ਼ਾਰ ਰੁਪਿਆ ਦਿੱਤਾ ਜਾਵੇਗਾ ਜਿਸ ਨਾਲ ਇਹ ਪਰਿਵਾਰ ਆਪਣੀ ਚੰਗੀ ਗੁਜਰ ਵਸੋਂ ਕਰ ਸਕਣਗੇ। ਉੱਧਰ ਹਲਕਾ ਵਿਧਾਇਕ ਸਮਰਾਲਾ ਸ਼੍ਰੀ ਅਮਰੀਕ ਸਿੰਘ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਵਧ ਚੜ੍ਹਕੇ ਹਮਾਇਤ ਕਰਨ। ਇਸ ਮੌਕੇ ਉਨ੍ਹਾਂ ਨਾਲ ਦਲੀਪ ਸਿੰਘ ਸੈਸੋਵਾਲ ਖ਼ੁਰਦ, ਸਤਪਾਲ ਸਿੰਘ ਸਾਬਕਾ ਸਰਪੰਚ, ਸਰਪੰਚ ਸੁਰਜੀਤ ਸਿੰਘ ਸੈਸੋਵਾਲ ਖ਼ੁਰਦ, ਗੁਰਮੀਤ ਸਿੰਘ ਜਾਤੀਵਾਲ, ਸੁਰਜੀਤ ਜਾਤੀਵਾਲ, ਪ੍ਰੀਤਮ ਸਿੰਘ ਰੂੜੇਵਾਲ, ਮਨੀ ਸੈਣੀ ਜਾਤੀਵਾਲ, ਪ੍ਰੇਮ ਸਿੰਘ ਜੱਸੋਵਾਲ, ਜੇਠਾ ਸਿੰਘ ਜੱਸੋਵਾਲ, ਰਣਜੀਤ ਸਿੰਘ ਜੱਸੋਵਾਲ, ਹਰਚੰਦ ਸਿੰਘ, ਗੁਰਦੇਵ ਸਿੰਘ, ਜਸਦੇਵ ਸਿੰਘ ਸਰਪੰਚ ਰੂੜੇਵਾਲ, ਤਰਸੇਮ ਸਿੰਘ ਸਰਪੰਚ ਜੱਸੋਵਾਲ, ਜਗਦੇਵ ਸਿੰਘ ਸਰਪੰਚ ਸੈਸੋਂਵਾਲ ਕਲਾਂ, ਅਮਨਦੀਪ ਸਿੰਘ, ਧਰਮਪਾਲ ਹਲਵਾਈ, ਭੁਪਿੰਦਰ ਸਿੰਘ ਸਾਬਕਾ ਸਰਪੰਚ ਸੈਸੋਵਾਲ, ਗੁਰਨਾਮ ਸਿੰਘ ਗਰਚਾ, ਪ੍ਰਤਾਪ ਸਿੰਘ ਪੰਚ, ਭਰਪੂਰ ਸਿੰਘ, ਪਿਆਰਾ ਰਾਮ, ਜੁਝਾਰ ਸਿੰਘ, ਰਾਜਵਿੰਦਰ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ, ਅਜੈਬ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।