ਜਲੰਧਰ: 23 ਅਪ੍ਰੈਲ 2019 -1913 ਨੂੰ ਅਮਰੀਕਾ ‘ਚ ਜੱਥੇਬੰਦ ਹੋਈ, ਆਜ਼ਾਦੀ ਦੀ ਜਦੋ ਜਹਿਦ ਨੂੰ ਇਨਕਲਾਬੀ ਲੀਹਾਂ ‘ਤੇ ਅੱਗੇ ਤੋਰਨ ਵਾਲੀ ਗ਼ਦਰ ਪਾਰਟੀ ਦਾ 106ਵਾਂ ਜਨਮ ਦਿਹਾੜਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਤਿਹਾਸ ਦੇ ਝਰੋਖੇ ‘ਚੋਂ ਅਜੋਕੇ ਸਮੇਂ ਭਖ਼ਦੇ ਸੁਆਲਾਂ ਦੀ ਪ੍ਰਸੰਗਕਤਾ ਨੂੰ ਉਚਿਆਉਂਦਿਆਂ ਜੋਸ਼-ਖਰੋਸ਼ ਨਾਲ ਮਨਾਇਆ ਗਿਆ।
ਸਮਾਗਮ ਦਾ ਆਗਾਜ਼ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਇਆ।
ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਅਤੇ ਸਮਾਗਮ ਦੇ ਮੁੱਖ ਵਕਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ, ਭਾਈ ਵੀਰ ਸਿੰਘ ਸਦਨ ਅੰਮ੍ਰਿਤਸਰ ਦੇ ਡਾਇਰੈਕਟਰ ਅਤੇ ਸਾਬਕਾ ਪ੍ਰੋ. ਨਾਮਧਾਰੀ ਚੇਅਰ, ਡਾ. ਜੋਗਿੰਦਰ ਸਿੰਘ ਮੰਚ ‘ਤੇ ਸ਼ਸ਼ੋਭਤ ਸਨ।
ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਗ਼ਦਰ ਪਾਰਟੀ ਦੀ ਸਥਾਪਨਾ ਸਮੇਂ ਹੱਥ ਲਏ ਪ੍ਰੋਗਰਾਮ, ਉਦੇਸ਼ਾਂ ਦਾ ਜ਼ਿਕਰ ਕਰਦਿਆਂ ਜਿਥੇ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਦੇ ਪ੍ਰਸੰਗ ਦਾ ਜ਼ਿਕਰ ਕਰਦਿਆਂ ਅਪ੍ਰੈਲ ਮਹੀਨੇ ਦੇ ਸਮੂਹ ਦੇਸ਼ ਭਗਤਾਂ ਦੇ ਸੰਗਰਾਮੀ ਜੀਵਨ ‘ਤੇ ਝਾਤ ਪੁਆਈ। ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮਾਂ ਦੀ ਲੜੀ ਦਾ ਕਮੇਟੀ ਵੱਲੋਂ ਸਿਖ਼ਰ 1 ਨਵੰਬਰ ਨੂੰ ਮਨਾਇਆ ਜਾਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਹੋਏਗਾ।
ਸਮਾਗਮ ‘ਚ ਗ਼ਦਰੀ ਝੰਡਾ ਲਹਿਰਾਉਣ ਵਾਲੇ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰੀ ਝੰਡੇ, ਗ਼ਦਰ ਪਾਰਟੀ ਦੇ ਇਤਿਹਾਸਕ ਸਫ਼ਰ ਦੀਆਂ ਪੈੜਾਂ ਉਪਰ ਚੱਲਣ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਲਹਿਰ ‘ਚ ਔਰਤਾਂ ਦੇ ਵਿਸ਼ੇਸ਼ ਯੋਗਦਾਨ ਅਤੇ ਕੁਰਬਾਨੀਆਂ ਦੇ ਮਹੱਤਵ ਉਪਰ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਗ਼ਦਰ ਪਾਰਟੀ ਦੇ ਝੰਡੇ ਦਾ ਰੰਗ ਫਿੱਕਾ ਨਾ ਪੈਣ ਦਿੱਤਾ ਜਾਏ। ਉਹਨਾਂ ਗ਼ਦਰੀਆਂ ਦੇ ਸੁਪਨੇ ਪੂਰੇ ਕਰਨ ਲਈ ਮੰਜ਼ਲ ਦੇ ਨੈਣ-ਨਕਸ਼ ਉਘਾੜਨ ‘ਤੇ ਜ਼ੋਰ ਦਿੱਤਾ।
ਸਮਾਗਮ ਦੇ ਮੁੱਖ ਵਕਤਾ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਾਕਾ ਭਾਈਚਾਰਕ ਸਾਂਝ ਅਤੇ ਸਾਂਝੇ ਲੋਕ ਸੰਗਰਾਮ ਦਾ ਇਤਿਹਾਸਕ ਚਿੰਨ੍ਹ ਹੈ। ਇਹ ਸਾਕਾ ਸਾਮਰਾਜ ਅਤੇ ਉਸਦੇ ਟੋਡੀਆਂ ਦੀ ਜਮਾਤ ਖਿਲਾਫ਼ ਜੂਝਣ ਦਾ ਰੌਸ਼ਨ ਮਿਨਾਰ ਹੈ।
ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸਾਕੇ ਮੌਕੇ ਕੁਝ ਅੰਗਰੇਜ਼ੀਪ੍ਰਸਤ ਤੰਗ ਨਜ਼ਰੀਏ ਵਾਲੇ ਹਿੰਦੂ, ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਨੇ ਵੀ ਇਸ ਕਤਲੇਆਮ ਦੀ ਨਿੰਦਾ ਨਹੀਂ ਕੀਤੀ ਸਗੋਂ ਵਿਸ਼ੇਸ਼ ਅਪੀਲਾਂ ਜਾਰੀ ਕਰਕੇ ਬਰਤਾਨਵੀ ਹਕੂਮਤ ਦੀ ਪਿੱਠ ਪੂਰਨ ਦੇ ਹੋਕਰੇ ਮਾਰਦੀਆਂ ਰਹੀਆਂ ਹਨ।
ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੀ ਮਹਾਨ ਇਤਿਹਾਸਕਤਾ ਨੂੰ ਆਜ਼ਾਦੀ ਸੰਗਰਾਮ ‘ਚ ਬਣਦਾ ਸਥਾਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਇਨਕਲਾਬੀ ਆਗੂਆਂ, ਲੇਖਕਾਂ, ਕੁਰਬਾਨੀ ਕਰਨ ਵਾਲੇ ਸੂਰਮਿਆਂ ਨੂੰ ਸਾਡੇ ਦੇਸ਼ ਦੇ ਇਤਿਹਾਸ ‘ਚ ਬਣਦਾ ਸਥਾਨ ਨਹੀਂ ਦਿੱਤਾ ਗਿਆ। ਇਹ ਪੱਖ ਗਹਿਰੇ ਅਧਿਐਨ ਦੀ ਮੰਗ ਕਰਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਲ੍ਹਿਆਂਵਾਲੇ ਬਾਗ਼ ਕਤਲੇਆਮ ਦੇ ਸਾਕੇ ਦੀ ਪਿੱਠਭੂਮੀ ‘ਚ ਉਸ ਵੇਲੇ ਦੀਆਂ ਇਤਿਹਾਸਕ ਘਟਨਾਵਾਂ ਅਤੇ ਉਸ ਵਿੱਚ ਸ਼ਾਮਿਲ ਲੋਕਾਂ ਦੇ ਜਮਾਤੀ ਪਿਛੋਕੜ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ। ਇਸੇ ਤੋਂ ਇਸ ਗੱਲ ਦੀ ਜਾਣਕਾਰੀ ਮਿਲੇਗੀ ਕਿ ਕਿਹੜੀਆਂ ਜਮਾਤਾਂ ਦੇ ਲੋਕ ਉਸ ਸਮੇਂ ਆਪ ਮੁਹਾਰੇ ਸਿਆਸੀ ਸਰਗਰਮੀ ਵਿੱਚ ਸ਼ਾਮਿਲ ਹੋ ਰਹੇ ਸਨ।
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ, ਕੁਰਬਾਨੀ, ਤਿਆਗ ਦੀ ਭਾਵਨਾ ਤੋਂ ਅਜੋਕੀ ਪੀੜ੍ਹੀ ਨੂੰ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਲੋੜ ਹੈ।
ਸਮਾਗਮ ‘ਚ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਸੀਤਲ ਸਿੰਘ ਸੰਘਾ, ਦੇਵ ਰਾਜ ਨਯੀਅਰ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਮਨਮੋਹਨ ਸਿੰਘ ਪੰਨੂ ਅਤੇ ਸਾਥੀ ਇੰਡੋ-ਅਮੈਰੀਕਨ ਹੈਰੀਟੇਜ਼ ਦੇ ਨੁੰਮਾਇੰਦੇ, ਸਰਵਣ ਸਿੰਘ ਜਫ਼ਰ, ਜਰਨੈਲ ਸਿੰਘ ਅੱਚਰਵਾਲ ਤੋਂ ਇਲਾਵਾ ਮਜ਼ਦੂਰ, ਤਰਕਸ਼ੀਲ, ਜਮਹੂਰੀ, ਪੱਤਰਕਾਰ ਭਾਈਚਾਰੇ ਦੇ ਨੁੰਮਾਇੰਦੇ ਵੀ ਹਾਜ਼ਰ ਸਨ।