ਫਿਰੋਜ਼ਪੁਰ 13 ਮਈ (ਗੁਰਿੰਦਰ ਸਿੰਘ)-: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਲੰਧਰ ਵਿਚ ਨਕੋਦਰ ਬੇਅਦਬੀ ਕਾਂਡ ਬਾਰੇ ਦਿੱਤੇ ਬਿਆਨ ਨੂੰ ਸਿਰੇ ਦੀ ਬੇਸ਼ਰਮੀ ਭਰਿਆ ਦੱਸਦਿਆਂ, ਯੂਨਾਈਟਿਡ ਸਿੱਖ ਮੂਵਮੈਂਟ ਨੇ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਯੂਨਾਈਟਿਡ ਸਿੱਖ ਮੂਵਮੈਂਟ ਦੇ ਚੇਅਰਮੈਨ ਡਾ. ਭਗਵਾਨ ਸਿੰਘ ਸਕੱਤਰ ਜਨਰਲ ਕੈਪਟਨ ਚੰਨਣ ਸਿੰਘ ਸਿੱਧੂ, ਵਾਇਸ ਚੇਅਰਮੈਨ ਗੁਰਨਾਮ ਸਿੰਘ ਸਿੱਧੂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਨੇ ਅੱਜ ਇਥੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਬਿਆਨ ਹੈ ਜਿਸ ਤਰੳ ਸੈਮ ਪਿਤਰੋਂਦਾ ਨੇ ਦਿੱਲੀ ਸਿੱਖ ਨਸਲਕੁਸ਼ੀ ਬਾਰੇ ਕਿਹਾ ਹੈ ਕਿ 'ਚੁਰਾਸੀ ਵਿਚ ਜੋ ਹੋਇਆ ਸੋ ਹੋਇਆ'। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਭਾਵੇਂ ਉਹ ਕਾਂਗਰਸੀ ਸੈਮ ਪਿਤਰੋਂਦਾ ਹੋਵੇ ਜਾਂ ਅਕਾਲੀ ਬਾਦਲ, ਇਨ੍ਹਾਂ ਸਾਰੇ ਲੀਡਰਾਂ ਦੀ ਮਾਨਸਿਕਤਾ ਸਿੱਖਾਂ ਬਾਰੇ ਇਕੋ ਜਿਹੀ ਹੈ ਅਤੇ ਸਿੱਖਾਂ ਨੂੰ ਇਨਸਾਫ ਤਾਂ ਕੀ ਦੇਣਾ ਹੈ, ਉਲਟਾਂ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।
ਫਿਰੋਜ਼ਪੁਰ ਪ੍ਰੈਸ ਕਲੱਬ ਵਿਚ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਮੂਵਮੈਂਟ ਆਗੂਆਂ ਨੇ ਸੀਨੀਅਰ ਬਾਦਲ ਨੂੰ ਸਿੱਧੇ ਸੰਬੋਧਨ ਹੁੰਦਿਆਂ ਕਿਹਾ ਕਿ ਅਜਿਹੇ ਬੇਅਦਬੀ ਕਾਂਡ ਵਾਪਰਦੇ ਨਹੀਂ ਸਗੋਂ ਜਾਣ ਬੁੱਝ ਕੇ ਕੀਤੇ ਜਾਂਦੇ ਹਨ ਅਤੇ ਤਰਾਸਦੀ ਦੀ ਗੱਲ ਇਹ ਹੈ ਕਿ ਜਦ ਵੀ ਅਜਿਹਾ ਘੋਰ ਬੇਅਦਬੀ ਕਾਂਡ ਵਾਪਰਦਾ ਹੈ, ਉਦੋਂ ਪੰਜਾਬ ਵਿਚ ਅਖੌਤੀ ਅਕਾਲੀ ਸਰਕਾਰ ਹੀ ਹੁੰਦੀ ਹੈ ਅਤੇ ਬਾਦਲ ਸਾਹਿਬ ਮੁੱਖ ਭੂਮਿਕਾ ਵਿਚ ਹੁੰਦੇ ਹਨ। 1978 ਵਿਚ ਜਦ ਨਕਲੀ ਨਿਰੰਕਾਰੀ, ਸਿੱਖਾਂ ਦੇ ਮੌਕੇ ਸ਼੍ਰੀ ਅੰਮ੍ਰਿਤਸਰ ਵਿਚ ਆ ਕੇ ਗੁਰੂ ਗ੍ਰੰਥ੍ਰ ਸਾਹਿਬ ਜੀ ਦਾ ਨਿਰਾਦਰ ਕਰਦਾ ਹੈ ਤਾਂ ਉਦੋਂ ਬਾਲਦ ਮੁੱਖ ਮੰਤਰੀ ਹੁੰਦਿਆਂ ਆਪਣੇ ਸਿਪਾਹ ਸਿਲਾਰ ਜੀਵਨ ਵਿਚ ਉਮਰਾਨੰਗਲ ਨਾਲ ਅੰਮ੍ਰਿਤਸਰ ਵਿਚ ਮੌਜ਼ੂਦ ਰਹਿ ਕੇ ਉਸ ਦੀ ਰੱਖਿਆ ਕਰਦਾ ਹੈ ਅਤੇ ਨਕਲੀ ਨਿਰੰਕਾਰੀ ਦੇ ਗੁੰਡੇ ਬਾਦਲ ਦੀ ਪੁਲਿਸ ਨਾਲ ਮਿਲ ਕੇ ਤੇਰਾ ਨਿਹੱਥੇ ਸਿੰਘਾਂ ਦਾ ਕਤਲ ਕਰਕੇ ਸਾਫ ਬਚ ਨਿਕਲਦੇ ਹਨ। ਉਸ ਤੋਂ ਬਾਅਦ ਜੂਨ ਚੁਰਾਸੀ ਵਿਚ ਬਾਦਲ ਟੋਹੜਾ ਲੋਂਗੋਵਾਲ ਤਿਕੜੀ ਇੰਦਰਾਂ ਗਾਂਧੀ ਨਾਲ ਪੂਰੀ ਸਾਜ਼ਿਸ਼ ਰਚ ਕੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਵਾਉਣ ਲਈ ਹਮਲਾ ਕਰਵਾਉਂਦੇ ਹਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਢਾਹੁਣ ਦੇ ਨਾਲ ਨਾਲ ਸੈਂਕੜੇ ਬੀੜਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਵੱਡਮੁੱਲਾ ਵਿਰਾਸਤੀ ਸਹਿਤ ਭਾਰਤੀ ਫੌਜਾਂ ਵੱਲੋਂ ਲੁੱਟ ਲਿਆ ਜਾਂਦਾ ਹੈ। ਇਨ੍ਹਾਂ ਸਭ ਕੁਕਰਮਾਂ ਵਿਚ ਪੂਰੀ ਤਰ੍ਹਾਂ ਸ਼ਾਮਲ ਹੋ ਕੇ ਵੀ ਬਾਦਲ ਆਪਣਾ ਪੰਥਕ ਮਖੋਟਾ ਨਹੀਂ ਉਤਾਰਦਾ ਅਤੇ ਖੁਦ ਨੂੰ ਸਿੱਖਾਂ ਦੇ ਸਿਰਾਂ ਉਤੇ ਲੀਡਰਾਂ ਵਜੋਂ ਥੋਪਦਾ ਆ ਰਿਹਾ ਹੈ। ਇਹ ਠੀਕ ਹੈ ਕਿ 1986 ਦੇ ਨਕੋਦਰ ਬੇਅਦੀ ਕਾਂਡ ਵੇਲੇ ਬਾਦਲ ਮੁੱਖ ਭੂਮਿਕਾ ਵਿਚ ਨਹੀਂ ਸੀ, ਪਰ ਸੀਨੀਅਰ ਲੀਡਰ ਕਮਜੋਰ ਬਰਨਾਲੇ ਨੂੰ ਸਿੱਖ ਸੰਗਤਾਂ ਉਤੇ ਗੋਲੀਆਂ ਚਲਾਉਣ ਦੀ ਸਲਾ ਉਸ ਨੇ ਨਾ ਦਿੱਤੀ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਜਿਵੇਂ ਉਸ ਨੇ ਖੁਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਨਿਹੱਥੇ ਸਿੱਖਾਂ ਨਾਲ ਕੀਤਾ। ਅੱਜ ਜਦੋਂ ਬਾਅਦ ਦਾਅਵਾ ਕਰਦਾ ਹੈ ਕਿ 2015 ਦੀਆਂ ਬੇਅਦਬੀਆਂ ਤੋਂ ਉਹ ਪਾਕ ਸਾਫ ਹੈ ਤਾਂ ਇਹ ਗੱਲ ਹਾਸੋਹੀਣੀ ਲੱਗਦੀ ਹੈ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਲਈ ਕਰੋੜਾਂ ਰੁਪਏ ਦੀ ਸੁਪਾਰੀ ਦੇਣ ਵਾਲਾ ਸੌਦਾ ਸਾਧ ਤਾਂ ਇਸ ਦੇ ਬੁੱਕਲ ਦਾ ਯਾਰ ਹੈ, ਜਿਸ ਨੂੰ ਉਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗਿਆ ਮੁਆਫੀ ਦੁਆਈ ਅਤੇ ਉਸ ਤੋਂ ਵੋਟ ਅਤੇ ਨੋਟ ਪ੍ਰਾਪਤ ਕੀਤੇ। ਮੂਵਮੈਂਟ ਆਗੂਆਂ ਨੇ ਕਿਹਾ ਕਿ ਬਾਦਲ ਪਿਉ ਪੁੱਤਰ ਸਮਝਦੇ ਹਨ ਕਿ ਸਿੱਖ ਆਪਣੇ ਗੁਰੂ ਦੀ ਬੇਅਦਬੀ ਬਾਰੇ ਸਭ ਕੁਝ ਭੁੱਲ ਭੁਲਾ ਚੁੱਕੇ ਹਨ ਅਤੇ ਉਨ੍ਹਾਂ ਵਾਂਗੂ ਕੁਰਸੀ ਨੂੰ ਹੀ ਆਪਣਾ ਇਸ਼ਟ ਮੰਨ ਚੁੱਕੇ ਹਨ ਪਰ ਗੁਰੂ ਗ੍ਰੰਥ ਸਾਹਿਬ ਲਈ ਤਨ, ਮਨ ਧਨ ਵਾਰਨ ਵਾਲਿਆਂ ਦੇ ਕਾਫਲੇ ਉਸ ਦੇ ਉਨ੍ਹਾਂ ਥੈਲੀ ਚੱਟਾਂ ਨਾਲੋਂ ਬਹੁਤ ਵੱਡੇ ਹਨ ਜੋ ਬਾਦਲ ਦੇ ਕਹਿਣ ਤੇ ਵੀ ਜੈਕਾਰੇ ਛੱਡ ਦਿੰਦੇ ਹਨ ਕਿ ਬੇਅਦਬੀ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ। ਇਹ ਸਿੱਖਾਂ ਦੇ ਜ਼ਖਮਾਂ ਉਤੇ ਲੂਣ ਪਾਉਣ ਵਾਂਗ ਹੈ, ਪਰ ਖੁਸ਼ਕਿਸਮਤੀ ਨਾਲ ਚੋਣਾਂ ਦੇ ਮੌਸਮ ਨੇ ਇਨਸਾਫ ਦਾ ਤਰਾਜੂ ਸਿੱਖਾਂ ਦੇ ਹੱਥ ਫੜਾ ਦਿੱਤਾ ਹੈ। ਹੁਣ ਬਾਦਲਾਂ ਨੂੰ ਇਹ ਦੱਸਣ ਦਾ ਵੇਲਾ ਆ ਗਿਆ ਹੈ ਕਿ ਜੇ ਅਜਿਹੀਆਂ ਬੇਅਦਬੀਆਂ ਹੁੰਦੀਆਂ ਰਹਿੰਦੀਆਂ ਹਨ ਤਾਂ ਸਿੱਖ ਵੀ ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਝ ਹੀ ਪੈਰਾ ਵਿਚ ਰੋਲ ਕੇ ਰੱਖ ਦਿੰਦੇ ਹਨ। ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਵੋਟਰਾਂ ਦੇ ਨਾਲ ਨਾਲ ਕਾਂਗਰਸੀ ਆਗੂਆਂ ਨੂੰ ਵੀ ਵੱਡੀਆਂ ਰਕਮਾਂ ਦੇ ਕੇ ਖਰੀਦ ਰਿਹਾ ਹੈ ਕਿ ਉਹ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਮੁਹਿੰਮ ਨਾ ਚਲਾਉਣ, ਅਜਿਹੇ ਸਮੇਂ ਅਸੀਂ ਬਠਿੰਡਾ ਅਤੇ ਫਿਰੋਜ਼ਪੁਰ ਦੇ ਸਮੂਹ ਵੋਟਰਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਕਿ ਅੱਜ ਦੀ ਘੜੀ ਤੁਸੀਂ ਜੱਜ ਹੋ ਅਤੇ ਬਾਦਲ ਦਾ ਪਿਛਲਾ ਚਾਲੀ ਸਾਲ ਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਹੈ, ਜੋ ਤੁਹਾਨੂੰ ਪੰਥ ਦੇ ਨਾਂ 'ਤੇ ਗੁੰਮਰਾਹ ਕਰਦੇ ਆਏ ਹਨ, ਪਰ ਅੱਜ ਪੂਰਾ ਸਿੱਖ ਪੰਥ ਤੁਹਾਡੇ ਮੂੰਹਾਂ ਵੱਲ ਵੇਖ ਰਿਹਾ ਹੈ ਅਤੇ ਸ਼ਬਦ ਗੁਰੂ ਦੀ ਬੇਅਦਬੀ ਦਾ ਇਨਸਾਫ ਤੁਸੀਂ ਕਰਨਾ ਹੈ। ਤੁਹਾਡੀ ਇਕ ਵੀ ਵੋਟ ਇਨ੍ਹਾਂ
ਨੂੰ ਨਹੀਂ ਪੈਣੀ ਚਾਹੀਦੀ।