ਲੁਧਿਆਣਾ: 14 ਮਈ 2019 - ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਕੌਮੀ ਪੱਧਰ ਦੇ ਸਮਾਗਮ ਦੀ ਸੰਗਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ) ਵਿਖੇ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਰਹਿੰਦ ਫਤਿਹ ਦਿਵਸ ਨੂੰ ਕੌਮੀ ਆਜ਼ਾਦੀ ਦੇ ਪਹਿਲੇ ਵਰਕੇ ਵਜੋਂ ਪਛਾਨਣ ਦੀ ਲੋੜ ਹੈ ਕਿਉਕਿ ਜਾਲਮ ਮੁਗਲ ਹਕੂਮਤ ਦਾ ਦੇਸ਼ ਵਿੱਚੋਂ ਬਿਸਤਰਾ ਗੋਲ ਕਰਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਘਾਲਣਾ ਅਤੇ ਸੇਵਾ ਮੁੱਲਵਾਨ ਹੈ।
ਦੋਹਾਂ ਆਗੂਆਂ ਕਿਹਾ ਕਿ ਜਮੀਨ ਹਲਵਾਹਕਾਂ ਦਾ ਹੱਕ ਹੈ, ਇਸ ਸੰਕਲਪ ਨੂੰ ਪਹਿਲੀ ਵਾਰ ਦੇਸ਼ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੀ ਲਾਗੂ ਕੀਤਾ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਦੀ ਇੱਟ ਨਾਲ ਇੱਟ ਨਾ ਖੜਕਾਉਂਦੇ ਤਾਂ ਉਦੋਂ ਇਸ ਦੇਸ਼ ਦਾ ਸਵੈਮਾਣ ਅਤੇ ਅਣਖ ਮਿੱਟੀ ਹੋ ਜਾਣੀ ਸੀ।
ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇਸ਼ ਦੀ ਵੰਨ ਸੁਵੰਨਤਾ ਅਤੇ ਹਰ ਜਾਤ ,ਨਸਲ ਤੇ ਰੰਗ ਦੇ ਵਿਅਕਤੀ ਨੂੰ ਆਦਰਯੋਗ ਜੀਵਨ ਦਾ ਹੱਕਦਾਰ ਬਣਾਇਆ ਪਰ ਅੱਜ ਫੇਰ ਸਾਡੀ ਸੱਭਿਆਚਾਰਕ ਵੰਨ ਸੁਵੰਨਤਾ ਤੇ ਪਛਾਣ ਨੂੰ ਇੱਕ ਰੰਗ ਵਿੱਚ ਰੰਗਣ ਵਾਲੇ ਸ਼ੈਤਾਨ ਹਾਕਮ ਸਿਰ ਚੁੱਕ ਰਹੇ ਹਨ। ਇਹਨਾਂ ਖਿਲਾਫ਼ ਇੱਕ ਹੋਰ ਨਵੀ ਜੰਗ ਦੀ ਲੋੜ ਹੈ ਤਾਂ ਜੋ ਦੇਸ਼ ਆਪਣੀ ਫੁੱਲਕਾਰੀ ਵਰਗੀ ਸੱਭਿਅਤਾ ਨੂੰ ਬਚਾ ਸਕੇ।
ਇਸ ਸਮੇਂ ਸੱਤ ਅਗਾਂਹਵਧੂ ਕਿਸਾਨਾਂ ਰਾਜਵੀਰ ਸਿੰਘ (ਕਰਨਾਲ), ਗੁਰਨਾਮ ਸਿੰਘ ਧਾਲੀਵਾਲ (ਲੁਧਿਆਣਾ), ਕੁਲਵਿੰਦਰ ਸਿੰਘ (ਗਿੱਲ ਰੋਡ), ਕਮਿੱਕਰ ਸਿੰਘ ਜੰਡੀ (ਯੂ.ਐਸ.ਏ), ਸ. ਉਮਰਾਓ ਸਿੰਘ ਕੈਥਲ ਲੁਧਿਆਣਾ, ਗੁਰਪ੍ਰੀਤ ਸਿੰਘ ਲੁਧਿਆਣਾ, ਹਰਬੰਤ ਸਿੰਘ ਭੰਮੀਪੁਰਾ ਜਗਰਾਉ, ਸਮਾਜ ਸੇਵਕ ਤੇ ਰੀਟਾਇਰਡ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਅਤੇ ਉੱਘੀ ਲੇਖਿਕਾ ਤੇ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ (ਅਮਰੀਕਾ) ਨੂੰ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬੀ ਕਵੀ ਹਰਬੰਸ ਮਾਲਵਾ,ਓਵਰਸੀਜ ਕਾਂਗਰਸ ਅਮਰੀਕਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਅਮਰੀਕਾ ਇਕਾਈ ਦੇ ਪ੍ਰਧਾਨ ਸ. ਗੁਰਮੀਤ ਸਿੰਘ ਗਿੱਲ, ਹਰਬੰਤ ਸਿੰਘ ਦਿਓਲ ਕਨੇਡਾ, ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਜੱਥੇਦਾਰ ਸੁਰਜੀਤ ਸਿੰਘ ਮਾਣਕੀ ਸੰਗਰੂਰ, ਬਲਵੰਤ ਸਿੰਘ ਧਨੋਆ, ਕਰਨੈਲ ਸਿੰਘ ਗਿੱਲ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਸਿੱਧਵਾਂ ਖੁਰਦ, ਜਗਦੀਪ ਸਿੰਘ ਬਿੱਟੂ ਸਰਪੰਚ ਰੱਤੋਵਾਲ, ਬਲਵਿੰਦਰ ਸਿੰਘ ਗਾਂਧੀ ਸਰਪੰਚ ਰਕਬਾ, ਪਵਨ ਗਰਗ, ਨਵਾਬ ਸਿੰਘ ਅੰਬਾਲਾ, ਕਰਮਜੀਤ ਸਿੰਘ ਆਰਕੀਟੈਕਟ ਨਾਰੰਗਵਾਲ, ਅਸ਼ਵਨੀ ਮਹੰਤ ਐਡਵੋਕੇਟ, ਅਮਰਿੰਦਰ ਸਿੰਘ ਜੱਸੋਵਾਲ ਜਨ. ਸਕੱਤਰ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਰੇਸ਼ਮ ਸਿੰਘ ਸੱਗੂ ਅਤੇ ਅਰਜੁਨ ਬਾਵਾ ਸਮੇਤ ਸਿਰਕੱਢ ਵਿਅਕਤੀ ਹਾਜਰ ਸਨ।