ਕੌਸਲਰ ਗੁਲਸ਼ਨ ਰਾਏ ਬੌਬੀ ਅਤੇ ਕੌਸਲਰ ਗੁਰਪ੍ਰੀਤ ਸਿੰਘ ਲਾਲੀ ਨੂੰ ਬਾਬਾ ਪਰਮਜੀਤ ਸਿੰਘ ਜੀ ਸਿਰੋਪਾਓ ਪਾਕੇ ਸਨਮਾਨਿਤ ਕਰਦੇ ਹੋਏ।
ਫ਼ਤਿਹਗੜ੍ਹ ਸਾਹਿਬ, 14 ਮਈ (ਦੀਦਾਰ ਗੁਰਨਾ )- ਸਰਹਿੰਦ ਦੇ ਕੌਂਸਲਰ ਗੁਲਸ਼ਨ ਰਾਏ ਬੌਬੀ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਨੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਬਾਬਾ ਪਰਮਜੀਤ ਸਿੰਘ ਜੀ ਕਿਹਾ ਕਿ ਇਨਸਾਨ ਦੀ ਅਸਲ ਪੂੰਜੀ ਨਾਮ ਸਿਮਰਨ ਹੈ। ਸੰਸਾਰ ਵਿਚਲੀਆਂ ਮਾੜੀਆਂ ਕੁਰੀਤੀਆਂ ਦਾ ਅੰਤ ਸਾਧ ਸੰਗਤ ਵਿਚ ਆਕੇ ਹੀ ਹੁੰਦਾ ਹੈ। ਗੁਰਬਾਣੀ ਦਾ ਗਿਆਨ ਸਾਡੇ ਅੰਦਰ ਦੀ ਮੈਲ ਨੂੰ ਸਾਫ਼ ਕਰਦਾ ਹੈ, ਜਿਹੜਾ ਇਨਸਾਨ ਗੁਰੂ ਸਾਹਿਬ ਦੁਆਰਾ ਦੱਸੇ ਮਾਰਗ ਤੇ ਚੱਲਦਾ ਹੈ ਉਹ ਸੱਚ ਦੇ ਮਾਰਗ ਤੇ ਚੱਲਦਾ ਹੈ। ਜੇਕਰ ਅਸੀਂ ਅਸਲੀ ਅਨੰਦ ਦੀ ਪ੍ਰਾਪਤੀ ਚਾਹੁੰਦੇ ਹਾਂ ਤਾਂਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਖਾਏ ਰਸਤੇ ਤੇ ਚੱਲਣਾ ਪਵੇਗਾ। ਜੇਕਰ ਅਸੀ ਆਪਣੇ ਪਰਿਵਾਰ ਜਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦੇ ਹਾਂ ਤਾ ਉਨ੍ਹਾਂਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਈਏ। ਪ੍ਰਭੂ ਦੀ ਭਗਤੀ ਹੀ ਇਨਸਾਨ ਨੂੰ ਸੱਚਾ ਸੁੱਖ ਪ੍ਰਦਾਨ ਕਰ ਸਕਦੀ ਹੈ। ਪ੍ਰਭੂ ਦੀ ਭਗਤੀ ਤੋਂ ਇਲਾਵਾ ਪੂਰੇ ਸੰਸਾਰ ਵਿਚ ਅਜਿਹਾ ਕੋਈ ਸਾਧਨ ਨਹੀਂਂ ਹੈ ਜੋ ਇਨਸਾਨ ਦਾ ਪਾਰ ਉਤਾਰਾ ਕਰ ਸਕੇ, ਇਸ ਲਈ ਇਨਸਾਨ ਦੀ ਨਿਰਸਵਾਰਥ ਹੋ ਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਗੁਰੂਆਂ-ਪੀਰਾਂ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆ ਨੇ ਕਿਹਾ ਕਿ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਜ਼ਿੰਦਗੀ ਵਿਅਰਥ ਦੇ ਕੰਮਾਂ ਵਿਚ ਗੁਆਉਣੀ ਨਹੀ ਚਾਹੀਦੀ ਅਤੇ ਪ੍ਰਮਾਤਮਾ ਨੂੰ ਨਾਮ ਸਿਮਰਨ ਰਾਹੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਅਕਾਲ ਪੁਰਖ ਵੱਲੋਂ ਦਿੱਤੇ ਗਏ ਇਨਸਾਨੀ ਜਾਮੇ ਵਿਚ 24 ਘੰਟਿਆਂ ਵਿਚ 24 ਹਜ਼ਾਰ ਸੁਆਸ ਮਿਲਦੇ ਹਨ, ਪਰ ਅਸੀ ਉਸ ਪਰਮਾਤਮਾ ਦੇ ਲੇਖੇ ਕਿੰਨੇ ਸੁਆਸ ਲਗਾਉਣੇ ਹਨ, ਕਦੀ ਇਸ ਦਾ ਹਿਸਾਬ ਨਹੀ ਲਾਇਆ। ਉਨ੍ਹਾ ਕਿਹਾ ਕਿ ਇਨਸਾਨੀ ਜਾਮੇ ਦਾ ਮੁੱਖ ਮਕਸਦ ਨਾਮ ਸਿਮਰਨ ਨਹੀ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਹਰ ਇਨਸਾਨ ਆਪਣਾ ਮਕਸਦ ਭੁੱਲਦਾ ਹੋਇਆ ਦੁਨੀਆ ਦੇ ਜਾਲ ਵਿਚ ਫਸਦਾ ਜਾ ਰਿਹਾ ਹੈ। ਇਨਸਾਨ ਨੂੰ ਦੁਨੀਆ ਵਿਚ ਆਇਆ ਕਰੋੜਾ ਸਾਲ ਹੋ ਚੁੱਕੇ ਹਨ, ਕਦੀ ਕਿਸੇ ਜੂਨ ਵਿਚ ਤੇ ਕਦੇ ਕਿਸੇ ਵਿਚ ਭਟਕਦਾ ਫਿਰ ਰਿਹਾ ਹੈ। ਸਾਨੂੰ ਇਸ 84 ਦੇ ਤਹਿਖ਼ਾਨੇ ਵਿਚੋਂ ਨਿਕਲਣ ਲਈ ਸੰਤਾ ਵੱਲੋਂ ਬਖ਼ਸ਼ੀਸ਼ ਕੀਤੇ ਗਏ ਸ਼ਬਦ ਦਾ ਅਭਿਆਸ ਕਰਨਾ ਹੋਵੇਗਾ ਅਤੇ ਗੁਰੂਆਂ ਵੱਲੋਂ ਦਰਸਾਏ ਰਾਹ ਤੇ ਚੱਲਕੇ ਆਪਣਾ ਜੀਵਨ ਸੁਧਾਰਨਾ ਚਾਹੀਦਾ ਹੈ। ਬਾਬਾ ਜੀ ਨੇ ਦੋਨੋਂ ਕੌਂਸਲਰਾਂ ਗੁਲਸ਼ਨ ਰਾਏ ਬੌਬੀ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਨੂੰ ਸਿਰੋਪਾਉ ਪਾਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਗਰੇਵਾਲ, ਸਾਧੂ ਰਾਮ ਭੱਟ ਮਾਜਰਾ, ਮਨਜੀਤ ਸਿੰਘ, ਡਾ. ਪਰਮਜੀਤ ਸਿੰਘ ਬਾਲਾ, ਸੀ.ਟੀ.ਯੂ ਸਟਾਫ਼ ਵਾਲੇ ਮੇਜਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ, ਹਰਿੰਦਰ ਸਿੰਘ, ਬਾਬੂ ਗੁਰਿੰਦਰ, ਮਹਿੰਦਰ ਸਿੰਘ ਮੈਨੇਜਰ, ਉਜਾਗਰ ਸਿੰਘ ਅਤੇ ਹੋਰ ਹਾਜ਼ਰ ਸਨ।