ਪਿੰਡ ਲਾਂਡਰਾਂ, ਸਨੇਟਾ ਅਤੇ ਕੁਰੜੀ 'ਚ ਚੋਣ ਪ੍ਰਚਾਰ ਦੌਰਾਨ ਪ੍ਰੋ. ਚੰਦੂਮਾਜਰਾ ਅਤੇ ਹੋਰ
ਮੋਹਾਲੀ14 ਮਈ (ਦੀਦਾਰ ਗੁਰਨਾ ) ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਉਮੀਦਵਾਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਹੀ ਆਪਣੀ ਸਰਕਾਰ ਦੀ ਅਸਫਲਤਾ ਅਤੇ ਆਪਣੀ ਹਾਰ ਕਬੂਲ ਕਰ ਲਈ ਹੈ। ਅੱਜ ਇੱਥੋਂ ਨੇੜਲੇ ਪਿੰਡ ਲਾਂਡਰਾਂ, ਸਨੇਟਾ ਅਤੇ ਕੁਰੜੀ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਐਲਾਨ ਕੇ ਇਹ ਦੱਸ ਦਿੱਤਾ ਹੈ ਕਿ ਉਹ ਹੁਣ ਸਰਕਾਰ ਚਲਾਉਣ ਦੇ ਕਾਬਲ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਨਾਕਾਬਲੀਅਤ ਜ਼ਾਹਿਰ ਕਰਨ ਦੇ ਨਾਲ ਨਾਲ ਲੋਕ ਸਭਾ ਦੀ ਚੋਣ ਲੜ ਰਹੇ ਇਕ ਉਮੀਦਵਾਰ ਨੂੰ ਅਗਲਾ ਮੁੱਖ ਮੰਤਰੀ ਐਲਾਨ ਕੇ ਲੋਕਾਂ ਨੂੰ ਵੀ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ ਕਿ ਉਹ ਹੁਣ ਸ੍ਰੀ ਜਾਖੜ ਨੂੰ ਵੋਟ ਪਾਉਣ ਜਾਂ ਨਾ।
ਪ੍ਰੋ. ਚੰਦੂਮਾਜਰਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਅਜੇ ਤੱਕ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ, ਜਿੰਨੇ ਵੱਡੇ ਪ੍ਰਾਜੈਕਟ ਆਏ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਇਕੱਲੀਆਂ ਸੜਕਾਂ ਦੇ 2700 ਕਰੋੜ ਰੁਪਏ ਦੇ ਪ੍ਰਾਜੈਕਟ ਕੇਂਦਰ ਤੋਂ ਮਨਜ਼ੂਰ ਕਰਵਾ ਕੇ ਲਿਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਜ਼ੀਫ਼ਿਆਂ ਦੀ ਰਕਮ ਵੀ ਹੜੱਪ ਕਰ ਗਈ ਹੈ।, ਜਿਸ ਕਾਰਨ ਗ਼ਰੀਬ ਵਿਦਿਆਰਥੀ ਇਮਤਿਹਾਨਾਂ ਤੋਂ ਵਾਂਝੇ ਹੋ ਗਏ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਰੋਲ ਨੰਬਰ ਨਹੀਂ ਮਿਲੇ। ਅਕਾਲੀ ਨੇਤਾ ਨੇ ਕਿਹਾ ਕਿ ਕਾਂਗਰਸ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਸੀ ਅਤੇ ਪੰਜਾਬ ਦਾ ਰਹਿੰਦਾ ਖੂੰਹਦਾ ਕੀਮਤੀ ਪਾਣੀ ਗੁਆਂਢੀ ਸੂਬੇ ਨੂੰ ਦੇਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਪੂਰੀ ਵਿਖੇ ਇੰਦਰਾ ਗਾਂਧੀ ਦਾ ਸੁਆਗਤ ਹੀ ਨਹੀਂ ਸੀ ਕੀਤਾ ਸਗੋਂ ਐੱਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਣ ਵਿਚ ਸਰਗਰਮ ਤੇ ਮੋਹਰੀ ਰੋਲ ਨਿਭਾਇਆ। ਇਸ ਮੌਕੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਪਰਵਿੰਦਰ ਸਿੰਘ ਸੋਹਾਣਾ, ਸਰਕਲ ਪ੍ਰਧਾਨ ਬਲਵਿੰਦਰ ਸਿੰਘ, ਅਵਤਾਰ ਸਿੰਘ ਮੌਲੀ, ਰੂਪ ਖ਼ਾਨ, ਮੱਖਣ ਸਿੰਘ ਗੀਗੇਮਾਜਰਾ, ਹਰਮਨਪ੍ਰੀਤ ਸਿੰਘ ਕੁੰਭੜਾ, ਹਰਵਿੰਦਰ ਸਿੰਘ ਪੱਤੋਂ ਸਰਪੰਚ, ਗੁਲਜ਼ਾਰ ਸਿੰਘ ਸਰਪੰਚ ਲਾਂਡਰਾਂ, ਅਮਰਜੀਤ ਸਿੰਘ, ਰਣਧੀਰ ਸਿੰਘ ਸਰਪੰਚ, ਹਾਕਮ ਮਨਾਣਾ, ਪ੍ਰਧਾਨ ਬੀਬੀ ਬਲਜਿੰਦਰ ਕੌਰ, ਗੁਰਜੁੰਟ ਸਿੰਘ ਭਾਗੋ ਮਾਜਰਾ, ਰਾਮ ਪ੍ਰਤਾਪ, ਕੁਲਦੀਪ ਸਿੰਘ, ਹੈਪੀ ਸਨੇਟਾ, ਗੁਰਪ੍ਰੀਤ ਸਿੰਘ, ਮੇਜਰ ਸਿੰਘ ਨੰਬਰਦਾਰ, ਡਾ. ਅਜਾਇਬ ਸਿੰਘ ਪਟਵੀ, ਸਹਿਦੀਪ ਸਿੰਘ, ਕੇਸਰ ਸਿੰਘ ਸਨੇਟਾ ਤੋਂ ਇਨਾਵਾ ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।