← ਪਿਛੇ ਪਰਤੋ
ਫਿਰੋਜ਼ਪੁਰ 17 ਮਈ (ਗੁਰਿੰਦਰ ਸਿੰਘ) ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਮੂਹ ਏ.ਆਰ.ਓ ਨੂੰ ਨਿਰਦੇਸ਼ ਦਿੱਤੇ ਕਿ ਚੋਣ ਪ੍ਰਚਾਰ ਤੋਂ ਬਾਅਦ ਕੋਈ ਵੀ ਬਾਹਰ ਦਾ ਵਿਅਕਤੀ ਜੋ ਕਿ ਫਿਰੋਜ਼ਪੁਰ ਹਲਕੇ ਦਾ ਵੋਟਰ ਨਹੀਂ ਹੈ ਜ਼ਿਲ੍ਹੇ ਵਿੱੱਚ ਨਾ ਠਹਿਰੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵੀ ਬਾਹਰ ਦਾ ਵਿਅਕਤੀ ਚੋਣ ਪ੍ਰਚਾਰ ਤੋਂ ਬਾਅਦ ਹਲਕੇ ਵਿਚ ਰੁਕਦਾ ਹੈ ਤਾਂ ਉਸ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਰਾਜਨੀਤਿਕ ਪਾਰਟੀ ਵਰਕਰਾਂ ਅਤੇ ਹੋਰ ਵਿਅਕਤੀਆਂ ਜਿਨ੍ਹਾਂ ਨੂੰ ਹਲਕੇ ਵਿਚ ਪਾਰਟੀ ਲਈ ਰੈਲੀਆਂ ਕੱਢਣਾ, ਪ੍ਰਚਾਰ ਆਦਿ ਕਰਨ ਲਈ ਬਾਹਰੋਂ ਲਿਆਂਦਾ ਗਿਆ ਹੈ, ਹਲਕੇ ਵਿੱੱਚ ਉਨ੍ਹਾਂ ਦੀ ਮੌਜੂਦਗੀ ਨੂੰ ਰੋਕਣਾ ਹੈ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਜੋ ਵਿਅਕਤੀ ਹਲਕੇ ਦੇ ਵੋਟਰ ਨਹੀਂ ਹਨ ਉਹ ਫਿਰੋਜ਼ਪੁਰ ਲੋਕ-ਸਭਾ ਹਲਕੇ ਵਿਚ ਨਾ ਰਹਿਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਪੁਲਿਸ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਗੈੱਸਟ ਹਾਊਸ ਅਤੇ ਵਾਹਨਾਂ ਆਦਿ ਦੀ ਨਿਰੰਤਰ ਚੈਕਿੰਗ ਕਰਨ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਤੇ ਕੋਈ ਹਿੰਸਾ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਏ.ਆਰ.ਓਜ਼ ਤੇ ਹੋਰ ਚੋਣ ਅਫ਼ਸਰਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ ਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ-ਭੇਅ ਦੇ ਘਰੋਂ ਨਿਕਲਣ ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ।
Total Responses : 189