ਨਵਾਂ ਸ਼ਹਿਰ, 17 ਮਈ,2019: ਜ਼ਿਲ੍ਹਾ ਚੋੇਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੇ ਅੱਜ ਗਿਣਤੀ ਕੇਂਦਰ `ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਦੋਆਬਾ ਕਾਲਜ ਛੋਕਰਾਂ, ਜਿੱਥੇ ਕਿ ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ, ਦਾ ਦੌਰਾ ਵੀ ਕੀਤਾ।
ਉਨ੍ਹਾਂ ਇਸ ਮੌਕੇ ਐਸ.ਐਸ.ਪੀ. ਸ਼੍ਰੀਮਤੀ ਅਲਕਾ ਮੀਨਾ ਨੂੰ ਇਨ੍ਹਾਂ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਮਤਦਾਨ ਤੋਂ ਬਾਅਦ ਬੰਗਾ, ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਬਲਾਚੌਰ ਦੀਆਂ ਈ.ਵੀ.ਐਮਜ਼. ਇੱਥੇ ਬਣੇ ਸਟਰੌਗ ਰੂਮਜ਼ `ਚ ਜਮ੍ਹਾਂ ਹੋਣਗੀਆਂ, ਜਿਨ੍ਹਾਂ ਦੀ ਨਿਗਰਾਨੀ ਲਈ ਖਰਚਾ ਨਿਗਰਾਨ ਸ਼੍ਰੀ ਆਸ਼ੁੂਤੋਸ਼ ਮੌਜੂਦ ਰਹਿਣਗੇ। ਐਸ.ਐਸ.ਪੀ. ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪੁਲਿਸ ਵਲੋਂ ਸਟਰੌਗ ਰੂਮਾਂ ਦੀ ਤਿੰਨ ਪੜ੍ਹਾਵੀਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਪਹਿਲਾ ਪੜਾਅ ਕੇਂਦਰ ਅਰਧ ਸੈਨਿਕ ਬਲਾਂ, ਦੂਜਾ ਪੜਾਅ ਸੁਬਾਈ ਹਥਿਆਰਬੰਦ ਪੁਲਿਸ ਅਤੇ ਤੀਸਰਾ ਪੜਾਅ ਜ਼ਿਲ੍ਹੇ ਪੁਲਿਸ ਦੇ ਜਵਾਨਾਂ ਦਾ ਹੋਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਾਊਂਟਿੰਗ ਸਟਾਫ਼ ਅਤੇ ਰਾਜਨੀਤਿਕ ਪਾਰਟੀਆਂ ਦੇ ਪੋਲਿੰਗ ਏਜੰਟ ਦੀ ਵੱਖਰੀ ਵੱਖਰੀ ਐਂਟਰੀ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਮਸ਼ੀਨਾਂ ਜਮ੍ਹਾਂ ਹੋਣ ਤੋਂ ਬਾਅਦ ਉਥੇ ਬੈਠਣ ਵਾਲੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਲਈ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਹੋ ਰਹੀ ਨਿਗਰਾਨੀ ਨੂੰ ਦੇਖਣ ਲਈ ਐਲ.ਈ.ਡੀ. ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਕਾਊਂਟਿੰਗ ਏਜੰਟਾਂ ਨੂੰ 20 ਮਈ ਤੱਕ ਸਨਾਖਤੀ ਕਾਰਡ ਜਾਰੀ ਕਰਨ ਲਈ ਆਖਿਆ ਗਿਆ। ਇਸ ਤੋਂ ਇਲਾਵਾ ਉਥੇ ਗਿਣਤੀ ਵਾਲੇ ਦਿਨ ਅਬਜ਼ਰਵਰ ਦੇ ਬੈਠਣ ਅਤੇ ਮੀਡੀਆ ਸੈਂਟਰ ਬਣਾਉਣ ਲਈ ਵੀ ਆਖਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ, ਏ.ਆਰ.ਓ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਏ.ਆਰ.ਓ ਬੰਗਾ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਏ.ਆਰ.ਓ. ਬਲਾਚੌਰ ਜਸਵੀਰ ਸਿੰਘ, ਏ.ਆਰ.ਓ. ਗੜ੍ਹਸ਼ੰਕਰ ਹਰਬੰਸ ਸਿੰਘ, ਐਸ.ਪੀ.(ਐਚ) ਹਰੀਸ਼ ਦਿਆਮਾ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਵੀਰ ਸਿੰਘ ਜੱਸੀ, ਸਹਾਇਕ ਸਿਵਲ ਸਰਜਨ ਬਲਵਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।