ਬਠਿੰਡਾ, 18 ਮਈ 2019 - ਪਿਛਲੇ ਦਿਨੀਂ ਅਸਟੇਟ ਅਫ਼ਸਰ ਬੀਡੀਏ ਬਠਿੰਡਾ ਵੱਲੋਂ ਫੇਜ਼ 4-5 ਬੀ ਡੀ ਏ ਇਨਕਲੇਵ ਦੇ ਨਿਵਾਸੀਆਂ ਨੂੰ ਮਾਣਯੋਗ ਅਦਾਲਤੀ ਹੁਕਮਾਂ ਦਾ ਹਵਾਲਾ ਦੇ ਕੇ ਵਧੀ ਹੋਈ ਕੀਮਤ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਤਾਂ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਇਸ ਮੌਕੇ ਰੈਜ਼ੀਡੈੰਸ਼ਲ ਵੈੱਲਫੇਅਰ ਸੁਸਾਇਟੀ ਬੀਡੀਏ ਇਨਕਲੇਵ ਦੇ ਬੁਲਾਰੇ ਡਾਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਹ ਵਧੀ ਹੋਈ ਕੀਮਤ ਦੀ ਵਸੂਲੀ 983.04 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਸਮੂਹ ਕਾਲੋਨੀ ਨਿਵਾਸੀਆਂ ਤੇ ਗੈਰ-ਕਨੂੰਨੀ ਢੰਗ ਨਾਲ ਇੱਕ ਪਾਸੜ ਠੋਸੀ ਗਈ ਹੈ ਜੋ ਕਿ ਇੱਕ ਨਜਾਇਜ਼ ਫਰੌਤੀ ਦੀ ਤਰ੍ਹਾਂ ਹੈ ਅਤੇ ਉਹਨਾਂ ਦੇ ਕਾਨੂੰਨੀ/ਖ਼ਪਤਕਾਰ ਹੱਕਾਂ ਨੂੰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਮੂਹ ਕਾਲੋਨੀ ਨਿਵਾਸੀ ਉਚ ਅਧਿਕਾਰੀਆਂ ਅਤੇ ਖ਼ਜ਼ਾਨਾ ਮੰਤਰੀ ਨੂੰ ਮਿਲ ਚੁੱਕੇ ਹਨ। ਇਸ ਨਾਲ ਸਰਕਾਰ ਦਾ ਅਕਸ ਤਾਂ ਖਰਾਬ ਹੋ ਹੀ ਰਿਹਾ ਹੈ ਬਲਕਿ ਬੀਡੀਏ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਣ ਲੱਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਵਸੂਲੀ ਜਿਸ ਅਦਾਲਤੀ ਕੇਸ ਦਾ ਹਵਾਲਾ ਦੇ ਕੇ ਜਬਰੀ ਕੀਤੀ ਜਾ ਰਹੀ ਹੈ ਉਹ ਇਸ ਕਾਲੋਨੀ ਤੋਂ ਬਾਹਰਲੀ ਸੜਕ ਨੂੰ ਚੌੜਾ ਕਰਨ ਲਈ ਪੁੱਡਾ ਵੱਲੋਂ ਇਕਵਾਇਰ ਕੀਤੀ ਜ਼ਮੀਨ ਦੇ ਸਬੰਧ ਵਿੱਚ ਹੈ, ਜੋ ਮਿਉੂਂਸੀਪਲ ਕਾਰਪੋਰੇਸ਼ਨ ਅਧੀਨ ਆਉਂਦੇ ਏਰੀਏ ਗੁਰੂ ਗੋਬਿੰਦ ਸਿੰਘ ਨਗਰ ਦੀ 13 ਨੰਬਰ ਗਲੀ ਹੈ, ਜਿਸ ਨੂੰ ਬੀ ਡੀ ਏ ਨੇ ਫੇਜ਼ ਚਾਰ 4-5 ਨੂੰ ਵਿਕਸਤ ਕਰਨ ਦੇ ਬਹਾਨੇ ਇਸ ਸੜਕ ਉੱਪਰ ਪੈਂਦੀਆਂ ਪ੍ਰਾਈਵੇਟ ਕਾਲੋਨੀਆਂ ਜਿਵੇਂ ਕਿ ਗਰੀਨ ਸਿਟੀ ਫੇਜ਼ ਇੱਕ-ਦੋ-ਤਿੰਨ-ਚਾਰ,ਟੀਚਰ ਕਲੋਨੀ,ਬੈਂਕ ਕਲੋਨੀ, ਧਾਲੀਵਾਲ ਕਲੋਨੀ,ਸ਼ਕਤੀ ਵਿਹਾਰ ਕਾਲੋਨੀ,ਢਿਲੋੰ ਕਲੋਨੀ,ਮਹੇਸ਼ਵਰੀ ਕਲੋਨੀ,ਮੰਨਤ ਕਲੋਨੀ,ਵਿਸ਼ਵਕਰਮਾ ਮਾਰਕੀਟ ਅਤੇ ਗੁਰੂ ਗੋਬਿੰਦ ਸਿੰਘ ਨਗਰ ਦੀਆਂ 10 ਗਲੀਆਂ ਅਤੇ ਨਵੀਂ ਵਿਕਸਤ ਹੋ ਰਹੀ ਕਾਲੋਨੀ,ਜੋ ਕਿ ਤਕਰੀਬਨ ਸੌ ਏਕੜ ਵਿੱਚ ਫੇਜ਼ 4-5 ਦੇ ਨਾਲ ਬਣ ਰਹੀ ਹੈ/ ਨਿਜੀ ਮੈਰਿਜ ਪੈਲੇਸਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਹੈ, ਜਿਹੜਾ ਕਿ ਮਿਉੂੱਸਪਲ ਕਾਰਪੋਰੇਸ਼ਨ ਦਾ ਕੰਮ ਸੀ। ਪਰ ਇਸ ਦੀ ਵਧੀ ਹੋਈ ਕੀਮਤ ਫੇਜ਼ 4-5 ਦੇ ਨਿਵਾਸੀਆਂ ਨੂੰ ਪਾਈ ਜਾ ਰਹੀ ਹੈ।
ਇਸ 4-5 ਫੇਜ਼ ਨੂੰ ਪਹੁੰਚਣ ਲਈ ਇੱਕ ਹੋਰ ਰਸਤਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਦੀ ਗਲੀ ਨੰਬਰ 10 ਹੈ,ਜੋ ਕਿ ਸਿੱਧੀ ਬੀਡੀਏ ਇਨਕਲੇਵ 4-5 ਨੂੰ ਜੋੜਦੀ ਹੈ। ਬੀਡੀਏ ਇਨਕਲੇਵ ਦੇ ਨਿਵਾਸੀ ਗਲੀ ਨੰਬਰ 10 ਦੀ ਹੀ ਵਰਤੋਂ ਕਰਦੇ ਹਨ, ਜਦ ਕਿ ਦੂਜੀਆਂ ਨਿੱਜੀ ਕਾਲੋਨੀਆਂ ਨੂੰ ਜੋੜਨ ਲਈ ਬਾਹਰਲੀ ਚੌੜੀ ਸੜਕ ਦੀ ਲੋੜ ਪਈ ਹੈ। ਰੈਜ਼ੀਡੇਨਸ਼ੀਅਲ ਵੈੱਲਫੇਅਰ ਸੁਸਾਇਟੀ ਫੇਜ਼ 4-5 ਦੇ ਪ੍ਰਧਾਨ ਚਰਨਜੀਤ ਸਿੰਘ ਦੇ ਕਹਿਣ ਮੁਤਾਬਕ ਕਾਲੋਨੀ ਨਿਵਾਸੀਆਂ ਨਾਲ ਇਹ ਸਰਾਸਰ ਧੱਕਾ ਹੈ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਵਸੂਲੀ ਕਰ ਬੈਠੇ ਹੀ ਨਾਜਾਇਜ਼ ਤੌਰ ਤੇ ਪਾ ਦਿੱਤੀ ਗਈ ਹੈ ਜਦੋਂ ਕਿ ਕਾਲੋਨੀ ਵਿੱਚ ਸਹੂਲਤਾਂ ਦੀ ਪਹਿਲਾਂ ਹੀ ਬੇਹੱਦ ਘਾਟ ਹੈ।