ਨਵਾਂ ਸ਼ਹਿਰ, 05 ਜੂਨ, 2019: ਵਾਤਾਵਰਣ ਸਭਾਲ ਅਤੇ ਰੱੁਖ ਲਗਾਉਣ ਦੀ ਮੁਹਿੰਮ ’ਚ ਵਿਦਿਆਰਥੀਆਂ ਦੀ ਭਾਈਵਾਲੀ ਵੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਪੌਣ-ਪਾਣੀ ਦੀ ਸ਼ੁੱਧਤਾ ਲਈ ਪ੍ਰੇਰਿਆ ਜਾ ਸਕੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਵਿਖੇ ਵਿਸ਼ਵ ਵਾਤਾਵਰਣ ਦਿਵਸ ’ਤੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ’ਚ ਜ਼ਿਲ੍ਹੇ ਦੇ ਹਰੇਕ ਪਿੰਡ ’ਚ 550-550 ਦਰੱਖਤ ਲਾਏ ਜਾ ਰਹੇ ਹਨ, ਜਿਸ ਦੀ ਸਾਂਭ-ਸੰਭਾਲ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਪਹਿਲਾਂ ਅੱਜ ਦੇ ਹੀ ਦਿਨ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਨੇ ਵੀ ਲੋਕਾਂ ਦੀ ਸੋਚ ਬਦਲੀ ਹੈ। ਉਨ੍ਹਾਂ ਕਿਹਾ ਕਿ ਆਪਣੇ ਪੌਣ-ਪਾਣੀ ਦੀ ਸ਼ੁੱਧਤਾ ਦੀ ਇਸ ਮੁਹਿੰਮ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਜ਼ਰੂਰਤ ਹੈ।
ਸਾਬਕਾ ਵਿਧਾਇਕ ਗੁਰਇਕਬਾਲ ਕੌਰ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਤਾਵਰਣ ਪ੍ਰਤੀ ਆਪਣੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਬਜ਼ੁਰਗਾਂ ਵੱਲੋਂ ਦਿੱਤੇ ਦੁੱਧ ਤੇ ਪੁੱਤ ਦੀ ਰਾਖੀ ਦੇ ਸੁਨੇਹੇ ’ਚ ਹੁਣ ਰੁੱਖ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਸੰਭਾਲ ਨਾਲ ਹੀ ਹਰਿਆਲੀ ਦਾ ਵਾਤਾਵਰਣ ਸਿਰਜਿਆ ਜਾ ਸਕੇਗਾ। ਉਨ੍ਹਾਂ ਪਲਾਸਟਿਕ ਤੇ ਪੋਲੀਥੀਨ ਲਿਫ਼ਾਫ਼ਿਆਂ ਨੂੰ ਵਾਤਾਵਰਣ ਲਈ ਵੱਡੀ ਚਣੌਤੀ ਕਰਾਰ ਦਿੰਦਿਆਂ ਮੁੜ ਤੋਂ ਥੈਲਾ ਸਭਿਆਚਾਰ ਨੂੰ ਅਪਨਾਉਣ ਲਈ ਆਖਿਆ। ਉਨ੍ਹਾਂ ਨੇ ਫ਼ਲਾਂ ਦੀ ਬਣਾਵਟੀ ਪਕਿਆਈ ’ਚ ਵਰਤੇ ਜਾਂਦੇ ਖਤਰਨਾਕ ਰਸਾਇਣਾਂ ਦੇ ਮੱਦੇਨਜ਼ਰ ਇਨ੍ਹਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਲਈ ਕਿਹਾ। ਡੀ ਸੀ ਤੇ ਸਾਬਕਾ ਵਿਧਾਇਕ ਵੱਲੋਂ ਇਸ ਮੌਕੇ ਕਾਲਜ ਦੇ ਵਿਹੜੇ ’ਚ ਪੌਦੇ ਵੀ ਲਗਾਏ ਗਏ।
ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਸ਼ਹਿਰ ਨੂੰ ਉੱਤਰ ਭਾਰਤ ਦਾ ਸਭ ਤੋਂ ਸਾਫ਼-ਸੁੱਥਰਾ ਸ਼ਹਿਰ ਅਤੇ ਕੂੜਾ ਮੁਕਤ ਸ਼ਹਿਰ ਬਣਾਉਣ ਦੇ ਦੋਹਰੇ ਖਿਤਾਬ ਲਈ ਲੋਕਾਂ ਅਤੇ ਸਫ਼ਾਈ ਸੇਵਕਾਂ ਦਾ ਧੰਨਵਾਦ ਕਰਦਿਆਂ ਹੁਣ ਸ਼ਹਿਰ ਨੂੰ ਪੋਲੀਥੀਨ ਮੁਕਤ ਬਣਾਉਣ ਲਈ ਹੰਭਲਾ ਮਾਰਨ ਲਈ ਆਖਿਆ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਨੇ ਪਾਣੀ, ਹਵਾ ਤੇ ਮਿੱਟੀ ਦੀ ਸ਼ੁੱਧਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਾਣੀ ਨੂੰ ਸਰੀਰ ਦੇ ਬਹੁਤ ਸਾਰੇ ਰੋਗਾਂ ਦਾ ਦਾਰੂ ਦੱਸਦਿਆਂ ਦਿਨ ’ਚ ਘੱਟੋ-ਘੱਟ 15 ਤੋਂ 18 ਗਲਾਸ ਪਾਣੀ ਪੀਣ ਲਈ ਪ੍ਰੇਰਿਆ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਜਦਕਿ ਗ੍ਰੀਨ ਗ੍ਰੋ ਇੰਟਰਨੈਸ਼ਨਲ ਐਨ ਜੀ ਓ ਦੇ ਬਾਨੀ ਅਸ਼ਵਨੀ ਜੋਸ਼ੀ ਨੇ ਵਿਕਾਸ ਕਾਰਜਾਂ ਦੌਰਾਨ ਰੁੱਖ ਨੂੰ ਪੁੱਟਣ ਦੀ ਬਜਾਏ ਮਸ਼ੀਨ ਦੀ ਮੱਦਦ ਨਾਲ ਪੁੱਟ ਕੇ ਹੋਰ ਥਾਂ ਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸਭਿਆਚਾਰਕ ਪੇਸ਼ਕਾਰੀਆਂ ’ਚ ਨਗਰ ਕੌਂਸਲ ਨਵਾਂਸ਼ਹਿਰ ਦੇ ਸੈਨੇਟਰੀ ਇੰਸਪੈਕਟਰ ਦਰਸ਼ਨ ਜੋਸ਼ੀਲਾ ਅਤੇ ਪਟਵਾਰੀ ਹਰੀ ਕਿਸ਼ਨ ਨੇ ਵਾਤਾਵਰਣ ਪੱਖੀ ਤੇ ਸਵੱਛਤਾ ਦਾ ਹੋਕਾ ਦਿੰਦੇ ਗੀਤ ਪੇਸ਼ ਕੀਤੇ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਦੀਆਂ ਵਿਦਿਆਰਥਣਾਂ ਨੇ ਦਰੱਖਤ ਨਾ ਕੱਟਣ ਦਾ ਸੁਨੇਹਾ ਦਿੰਦੀ ਕੋਰੀਓਗ੍ਰਾਫੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਬੰਗਾ ਦੀਆਂ ਵਿਦਿਆਰਥਣਾਂ ਵੱਲੋਂ ਵਾਤਾਵਰਣ ਬਚਾਉਣ ਅਤੇ ਧੀਆਂ ਬਚਾਉਣ ਸਬੰਧੀ ਬੋਲੀਆਂ ਵਾਲਾ ਗਿੱਧਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਨਵਕਿਰਤ ਕੌਰ ਵੱਲੋਂ ਵਾਤਾਵਰਣ ’ਤੇ ਦਿੱਤਾ ਭਾਸ਼ਣ ਵਿਆਪਕ ਪੱਧਰ ’ਤੇ ਸਰਾਹੇ ਗਏ।
ਹੋਰਨਾਂ ਤੋਂ ਇਲਾਵਾ ਏ ਡੀ ਸੀ (ਜ) ਅਨੁਪਮ ਕਲੇਰ, ਤਹਿਸੀਲਦਾਰ ਨਵਾਂਸ਼ਹਿਰਵ ਅਰਵਿੰਦ ਪ੍ਰਕਾਸ਼ ਵਰਮਾ, ਕੌਂਸਲਰਾਂ ’ਚ ਰਚਨਾ ਛਾਬੜਾ, ਮਨਜੀਤ ਕੌਰ, ਕੁਲਵੰਤ ਕੌਰ, ਮਹਿੰਦਰ ਸਿੰਘ ਤੇ ਡਾ. ਕਮਲਜੀਤ ਲਾਲ, ਬੀ ਐਲ ਐਮ ਗਰਲਜ਼ ਕਾਲਜ, ਆਰ ਕੇ ਆਰੀਆ ਕਾਲਜ ਤੇ ਡੀ ਏ ਐਨ ਕਾਲਜ ਦੇ ਮੁਖੀ ਤੇ ਸਟਾਫ਼, ਜੀ ਓ ਜੀਜ਼, ਡੀ ਆਰ ਮੋਹਨ ਸਿੰਘ, ਡਿਪਟੀ ਡੀ ਈ ਓ ਛੋਟੂ ਰਾਮ, ਡੀ ਐਸ ਐਸ ਸੁਰਿੰਦਰ ਪਾਲ, ਗੁਰੂ ਨਾਨਕ ਯੂਥ ਸਪੋਰਟਸ ਤੇ ਵੈਲਫ਼ੇਅਰ ਕਲੱਬ ਨੰਗਲ ਜੱਟਾਂ ਦੇ ਵਾਲੰਟੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ ਡੀ ਓ ਪੂਜਾ ਸ਼ਰਮਾ ਤੇ ਸਹਾਇਕ ਇੰਜੀਨੀਅਰ ਧਰਮਵੀਰ ਸਿੰਘ ਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।